ਮਾਲੇਰਕੋਟਲਾ 26 ਅਗਸਤ 2025 AJ DI Awaaj
Punjab Desk : ਮੁੱਖ ਮੰਤਰੀ ਫੀਲਡ ਅਫਸਰ-ਕਮ-ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਨੇ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ” ਖੇਡਾਂ ਵਤਨ ਪੰਜਾਬ ਦੀਆਂ ”ਸੀਜਨ-4 ਤਹਿਤ ਬਲਾਕ ਪੱਧਰੀ ਖੇਡਾਂ ਦੇ ਪ੍ਰੋਗਰਾਮ ਦਾ ਸ਼ਡਿਊਲ ਜਾਰੀ ਕਰਦਿਆ ਦੱਸਿਆ ਕਿ ਹੁਣ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮਸ਼ਾਲ ਮਾਰਚ 30 ਅਗਸਤ ਨੂੰ ਮਾਲੇਰਕੋਟਲਾ ਵਿਖੇ ਪੁਜੇਗੀ ।ਜਿਕਰਯੋਗ ਹੈ ਕਿ ਇਹ ਟਾਰਚ ਰਿਲੇਅ (ਮਸ਼ਾਲ) ਪਹਿਲਾ ਵੱਖ ਵੱਖ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਮਾਲੇਰਕੋਟਲਾ 27 ਅਗਸਤ ਨੂੰ ਪੁਜਣੀ ਸੀ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 04 ਸਤੰਬਰ ਤੋਂ 13 ਸਤੰਬਰ ਤੱਕ ਬਲਾਕ ਪੱਧਰ ਤੇ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ । ਉਨ੍ਹਾਂ ਨੇ ਦੱਸਿਆ ਕਿ ਬਲਾਕ ਮਾਲੇਰਕੋਟਲਾ ਵਿਖੇ ਖੇਡ ਮੁਕਾਬਲੇ 04 ਸਤੰਬਰ ਤੋਂ 06 ਸਤੰਬਰ ਤੱਕ ਸਥਾਨਕ ਖੇਡ ਸਟੇਡੀਅਮ ਡਾ.ਜਾਕਿਰ ਹੂਸੈਨ, ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ, ਅਲਫਲਾ ਪਬਲਿਕ ਸਕੂਲ ਅਤੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕਰਵਾਏ ਜਾਣਗੇ । ਇਸੇ ਤਰ੍ਹਾਂ ਬਲਾਕ ਅਹਿਮਦਗੜ੍ਹ ਵਿਖੇ 08 ਤੋਂ 10 ਸਤੰਬਰ ਤੱਕ ਦਾ ਟਾਊਨ ਸਕੂਲ, ਬਾਲੇਵਾਲ ਵਿਖੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ।
ਬਲਾਕ ਪੱਧਰੀ ਟੂਰਨਾਮੈਂਟ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਬਲਾਕ ਅਮਰਗੜ੍ਹ ਵਿਖੇ 11 ਸਤੰਬਰ ਤੋਂ 13 ਸਤੰਬਰ ਤੱਕ ਖੇਡ ਸਟੇਡੀਅਮ, ਬਨਭੌਰਾ ਵਿਖੇ ਖੇਡਾਂ ਦੇ ਟੂਰਨਾਮੈਂਟ ਕਰਵਾਏ ਜਾਣਗੇ ।
ਉਨ੍ਹਾਂ ਨੇ ਖੇਡ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਗਾਊਂ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਿਆਰੀਆਂ ਵਿੱਚ ਕੋਈ ਕਮੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇਨ੍ਹਾਂ ਖੇਡਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਆਪੋਂ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਇਆ ਜਾਣ। ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਟੇਡੀਅਮ ਦੀ ਸਾਫ਼-ਸਫ਼ਾਈ, ਖਿਡਾਰੀਆਂ ਦੇ ਖਾਣ-ਪੀਣ,ਟਰਾਂਸਪੋਰਟ, ਬਿਜਲੀ ਦੀ ਨਿਰਵਿਘਨ ਸਪਲਾਈ, ਮੈਡੀਕਲ ਟੀਮਾਂ ਅਤੇ ਐਂਬੂਲੈਂਸਾਂ, ਫਾਇਰ ਬ੍ਰਿਗੇਡ, ਸਾਫ਼ ਪੀਣ ਵਾਲਾ ਪਾਣੀ, ਆਰਜ਼ੀ ਪਖਾਨਿਆਂ ਆਦਿ ਲਈ ਲੋੜੀਂਦੇ ਪ੍ਰਬੰਧ ਜਲਦ ਮੁਕੰਮਲ ਕਰਨ ਦੀ ਵੀ ਹਦਾਇਤ ਕੀਤੀ।
