ਅੱਗ ਤੋਂ ਬਿਨਾ ਤਿੰਨ ਫਸਲਾਂ ਲੈਣ ਵਾਲਾ ਅਗਾਂਹਵਧੂ ਕਿਸਾਨ: ਹਰਦਿਆਲ ਸਿੰਘ

58

ਫਤਿਹਗੜ੍ਹ ਚੂੜੀਆਂ/ਬਟਾਲਾ, 26 ਅਗਸਤ 2025 AJ DI Awaaj

Punjab Desk : ਇੱਕ ਪਾਸੇ ਕਿਸਾਨਾਂ ਵੱਲੋਂ ਕਈ ਤਰ੍ਹਾਂ ਦੀਆਂ ਮਜਬੂਰੀਆਂ ਦਾ ਹਵਾਲਾ ਦੇ ਕੇ ਖੇਤਾਂ ਵਿੱਚ ਰਹਿੰਦ ਖੂੰਦ ਨੂੰ ਅੱਗ ਲਗਾਈ ਜਾਂਦੀ ਹੈ। ਪਰ ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਪਾਰੋਵਾਲ ਦੇ ਹਰਦਿਆਲ ਸਿੰਘ ਨੇ ਨਾ ਸਿਰਫ ਖੇਤੀਬਾੜੀ ਵਿੱਚ ਸਖ਼ਤ ਮਿਹਨਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਸਗੋਂ ਵਾਤਾਵਰਨ ਨੂੰ ਬਚਾਉਣ ਲਈ ਇਸ ਕਿਸਾਨ ਨੇ ਵਿਲੱਖਣ ਜਜ਼ਬਾ ਦਿਖਾਉਂਦੇ ਹੋਏ ਇੱਕੋ ਸਾਲ ਵਿੱਚ ਬਿਨਾਂ ਅੱਗ ਲਗਾਏ ਤਿੰਨ ਤਿੰਨ ਫਸਲਾਂ ਲੈਣ ਦੀ ਮਿਸਾਲ ਵੀ ਬਣਾਈ ਹੈ।

ਅਗਾਂਹਵਧੂ ਕਿਸਾਨ ਹਰਦਿਆਲ ਸਿੰਘ ਨੇ ਦੱਸਿਆ ਕਿ ਉਸ ਕੋਲ ਕਰੀਬ 30 ਏਕੜ ਖੇਤ ਹਨ, ਜਿਸ ਵਿੱਚ ਉਹ ਆਪਣੇ ਹੋਰ ਪਰਿਵਾਰਿਕ ਮੈਂਬਰਾਂ ਅਤੇ ਭਰਾ ਦੇ ਨਾਲ ਮਿਲ ਕੇ ਖੇਤੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਰਕਬੇ ਵਿੱਚੋਂ 15 ਇੱਕ ਰਕਬੇ ਵਿੱਚ ਉਹ ਮਟਰ, ਕਣਕ ਅਤੇ ਝੋਨੇ ਦਾ ਫਸਲੀ ਚੱਕਰ ਅਪਣਾਉਂਦਾ ਹੈ।

ਉਸਨੇ ਦੱਸਿਆ ਕਿ ਉਸਨੇ ਕਦੇ ਵੀ ਆਪਣੇ ਖੇਤਾਂ ਵਿੱਚ ਰਹਿਦ ਖੂੰਦ ਨੂੰ ਅੱਗ ਨਹੀਂ ਲਗਾਈ ਅਤੇ ਰਹਿੰਦ ਖੂੰਦ ਨੂੰ ਖੇਤਾਂ ਵਿੱਚ ਹੀ ਮਿਲਾਉਣ ਕਾਰਨ ਉਸਦੇ ਖੇਤ ਹੁਣ ਹੋਰ ਵੀ ਉਪਜਾਊ ਹੋ ਗਏ ਹਨ ਅਤੇ ਖਾਦਾਂ ਦੀ ਵਰਤੋਂ ਬੇਹੱਦ ਘੱਟ ਕਰਨੀ ਪੈਂਦੀ ਹੈ। ਇਸ ਨਾਲ ਸਿੱਧੇ ਤੌਰ ਤੇ ਉਸਦੇ ਖੇਤੀ ਖਰਚੇ ਘੱਟ ਰਹੇ ਹਨ ਅਤੇ ਖੇਤਾਂ ਵਿੱਚ ਉਗਾਈ ਜਾਣ ਵਾਲੀ ਕਣਕ ਝੋਨਾ ਅਤੇ ਮਟਰਾਂ ਦੀ ਗੁਣਵੱਤਾ ਵੀ ਬਹੁਤ ਵਧੀਆ ਹੁੰਦੀ ਹੈ।

ਉਨਾਂ ਕਿਹਾ ਕਿ ਨਵੰਬਰ ਮਹੀਨੇ ਮਟਰ ਬੀਜਦੇ ਹਨ ਅਤੇ ਤਕਰੀਬਨ 60 ਦਿਨਾਂ ਵਿੱਚ ਮਟਰ ਤੋੜ ਕੇ ਲੋਹੜੀ ਤੋਂ ਪਹਿਲਾਂ ਹੀ ਉਸੇ ਖੇਤ ਵਿੱਚ ਕਣਕ ਦੀ ਬਿਜਾਈ ਵੀ ਕਰ ਦਿੰਦੇ ਹਨ। ਇਸਦੇ ਬਾਅਦ ਕਣਕ ਦੀ ਕਟਾਈ ਅਪ੍ਰੈਲ ਮਹੀਨੇ ਵਿੱਚ ਸਮੇਂ ਸਿਰ ਕਰਕੇ ਉਹ ਜੂਨ ਵਿੱਚ ਉਸੇ ਖੇਤ ਅੰਦਰ ਝੋਨਾ ਲਗਾ ਦਿੰਦੇ ਹਨ ਅਤੇ ਅਕਤੂਬਰ ਮਹੀਨੇ ਦੇ ਅਖੀਰ ਤੱਕ ਆਰਾਮ ਨਾਲ ਝੋਨੇ ਦਾ ਖੇਤ ਵੀ ਵਿਹਲਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਕਦੇ ਵੀ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਣੀ ਪੈਂਦੀ ਕਿਉਂਕਿ ਉਹ ਕਟਰ ਮਾਰ ਕੇ ਰੋਟਾਵੇਟਰ ਦੀ ਮਦਦ ਦੇ ਨਾਲ ਇਸ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਮਿਲਾ ਦਿੰਦੇ ਹਨ ਜਿਸ ਵਿੱਚੋਂ ਬਹੁਤ ਆਸਾਨੀ ਦੇ ਨਾਲ ਮਟਰਾਂ ਦੀ ਫਸਲ ਦੀ ਸਮੇ ਸਿਰ ਬਿਜਾਈ ਹੋ ਜਾਂਦੀ ਹੈ। ਉਨਾਂ ਕਿਹਾ ਕਿ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾਉਣ ਦੇ ਬਾਅਦ ਖੇਤ ਵਿੱਚ ਮਟਰਾਂ ਦੀ ਪੈਦਾਵਾਰ ਵੀ ਚੰਗੀ ਨਿਕਲਦੀ ਹੈ ਅਤੇ ਕਈ ਤਰਾਂ ਦੇ ਬੇਲੋੜੇ ਖਰਚਿਆਂ ਤੋਂ ਵੀ ਰਾਹਤ ਮਿਲਦੀ ਹੈ।

ਉਨਾਂ ਹੋਰ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿੱਚ ਅੱਗ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਨਾ ਕਰਨ ਅਤੇ ਨਾ ਹੀ ਆਪਣੇ ਖੇਤਾਂ ਦੀ ਉਪਜਾਈ ਮਿੱਟੀ ਅਤੇ ਜੀਵ ਜੰਤੂਆਂ ਨੂੰ ਅੱਗ ਦੇ ਹਵਾਲੇ ਕਰਨ।

ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਨੇ ਇਸ ਕਿਸਾਨ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਅਜਿਹੇ ਮਿਹਨਤੀ ਕਿਸਾਨਾਂ ਦੇ ਜਜ਼ਬੇ ਤੋਂ ਸੇਧ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਬਕਾਇਦਾ ਕਿਸਾਨਾਂ ਨੂੰ ਖੇਤਾਂ ਦੀ ਰਹਿਤ ਖੂੰਹਦ ਦਾ ਨਿਪਟਾਰਾ ਕਰਨ ਲਈ ਸਬਸਿਡੀ ’ਤੇ ਮਸ਼ੀਨਰੀ ਦਿੱਤੀ ਜਾ ਰਹੀ ਹੈ ਅਤੇ ਹੁਣ ਤਕਰੀਬਨ ਹਰੇਕ ਪਿੰਡ ਵਿੱਚ ਲੋੜੀਦੀ ਮਸ਼ੀਨਰੀ ਵੱਡੀ ਗਿਣਤੀ ਵਿੱਚ ਉਪਲਬਧ ਕਰਵਾਈ ਜਾ ਚੁੱਕੀ ਹੈ ਤਾਂ ਜੋ ਕੋਈ ਵੀ ਕਿਸਾਨ ਖੇਤਾਂ ਵਿੱਚ ਅੱਗ ਲਗਾਵੇ ਨਾ ਲਗਾਵੇ।