ਵੱਧ ਤੋਂ ਵੱਧ ਤਕਨੀਕੀ ਸਿੱਖਿਆ ਹਾਸਲ ਕਰਨ ਨੌਜਵਾਨ

39

ਸੰਗਰੂਰ, 22 ਅਗਸਤ 2025 AJ DI Awaaj

Punjab Desk : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਖੇੜੀ ਜੱਟਾਂ ਵਿਖੇ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਤੋਂ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਤੇ ਨੌਜਵਾਨ ਭਰਵਾਂ ਲਾਭ ਲੈ ਰਹੇ ਹਨ, ਜੋ ਕਿ ਆਪਣੇ ਆਪ ਦੇ ਵਿੱਚ ਮਿਸਾਲ ਹੈ। ਅੱਜ ਦੇ ਯੋਗ ਵਿੱਚ ਕਾਮਯਾਬ ਹੋਣ ਲਈ ਲਾਜ਼ਮੀ ਹੈ ਕਿ ਨੌਜਵਾਨ ਵੱਧ ਤੋਂ ਵੱਧ ਤਕਨੀਕੀ ਸਿੱਖਿਆ ਹਾਸਲ ਕਰਨ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸੰਪਰਕ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਸ. ਪ੍ਰਭਦੀਪ ਸਿੰਘ ਨੱਥੋਵਾਲ ਨੇ ਕੀਤਾ। ਉਹ ਸਮਾਜ ਸੇਵੀ ਸ਼੍ਰੀ ਫਤਹਿ ਪ੍ਰਭਾਕਰ ਦੀ ਅਗਵਾਈ ਵਿੱਚ ਪਿਛਲੇ ਇੱਕ ਦਹਾਕੇ ਤੋਂ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਦੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਲਈ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਸਨ।

ਸ. ਨੱਥੋਵਾਲ ਨੇ ਕਿਹਾ ਕਿ ਡਾ.(ਪ੍ਰੋ.) ਐਸ.ਪੀ. ਸਿੰਘ ਓਬਰਾਏ ਵੱਲੋਂ ਦੇਸ਼ ਅਤੇ ਵਿਦੇਸ਼ ਅੰਦਰ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਅਜੋਕਾ ਯੁਗ ਟੈਕਨਾਲੋਜੀ ਦਾ ਹੈ ਤੇ ਨੌਜਵਾਨ ਬੱਚੇ ਬਚੀਆਂ ਖਾਸ ਤੌਰ ‘ਤੇ ਪੇਂਡੂ ਖੇਤਰ ਵਾਲੇ, ਜੇਕਰ ਸਮੇਂ ਦੇ ਹਾਣੀ ਬਣਨਾ ਚਾਹੁੰਦੇ ਹਨ ਤਾਂ ਕੰਪਿਊਟਰ ਸਮੇਤ ਨਵੀਂ-ਨਵੀਂ ਟੈਕਨਾਲੋਜੀ ਵਧ ਤੋਂ ਵਧ ਸਿਖਣ।

ਸ. ਨੱਥੋਵਾਲ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦਾ ਪਿੰਡ ਖੇੜੀ-ਜੱਟਾਂ ਪੰਜਾਬ ਦੇ ਵਿਕਾਸ ਮੁੱਖੀ ਪਿੰਡਾਂ ਦੀ ਸੂਚੀ ਵਿੱਚ ਗਿਣਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪਿੰਡ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਿੰਡ ਹੈ ਤੇ ਲੋਕਾਂ ਦੀ ਸੋਚ ਵਿਕਾਸ ਮੁੱਖੀ ਤੇ ਉਸਾਰੂ ਹੈ। ਉਹਨਾਂ ਕਿਹਾ ਕਿ ਨੇੜੇ ਦੇ ਪਿੰਡਾਂ ਦੇ ਹੋਰਨਾਂ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਪਟਵਾਰੀ ਗਿਰਧਾਰੀ ਲਾਲ ਮੈਮੋਰੀਅਲ ਵਿਖੇ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਦਾ ਵਧ ਤੋਂ ਵਧ ਲਾਭ ਉਠਾਉਣਾ ਚਾਹੀਦਾ ਹੈ।

ਇਸ ਸਮੇਂ ਪਿੰਡ ਦੇ ਸਾਬਕਾ ਸਰਪੰਚ ਸ. ਸੁਰਜੀਤ ਸਿੰਘ ਅਤੇ ਸਾਬਕਾ ਪੰਚ ਸ. ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਏ ਮਹਿਮਾਨਾਂ ਤੇ ਪਿੰਡ ਨੂੰ ਵਿਕਾਸ ਮੁੱਖੀ ਬਣਾਉਣ ਵਿੱਚ ਪਿਛਲੇ ਇੱਕ ਦਹਾਕੇ ਤੋਂ ਯੋਗਦਾਨ ਪਾਉਣ ਵਾਲੇ ਸ਼੍ਰੀ ਫਤਿਹ ਪ੍ਰਭਾਕਰ ਦਾ ਧੰਨਵਾਦ ਕਰਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ, ਹਰਜਿੰਦਰ ਸਿੰਘ, ਨਿਰਮਲ ਸਿੰਘ, ਹਰਦੀਪ ਸਿੰਘ, ਦੇਸ ਰਾਜ, ਨਿੱਕਾ ਖਾਂ, ਰਣਜੀਤ ਸਿੰਘ ਤੇ ਹਰਜਿੰਦਰ ਸਿੰਘ ਵੀ ਹਾਜ਼ਰ ਸਨ।