ਪੰਜਾਬ ਦੇ ਸਿਹਤ ਮਹਿਕਮੇ ਦਾ ਸ਼ਲਾਘਾਯੋਗ ਉਪਰਾਲਾ

69

ਕੀਰਤਪੁਰ ਸਾਹਿਬ 20 ਅਗਸਤ 2025 AJ DI Awaaj

Punjab Desk : ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਵਿੱਚ ਪੈਂਦੇ ਬਲਾਕ ਕੀਰਤਪੁਰ ਸਾਹਿਬ ਦੀ ਸਿਹਤ ਮਹਿਕਮੇ ਦੀ ਟੀਮ ਵੱਲੋਂ ਸਾਵਣ ਅਸ਼ਟਮੀ ਮੇਲੇ ਦੌਰਾਨ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਵਿਖੇ ਲੱਗੇ ਮੇਲੇ ‘ਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਇੱਕ ਅਨੌਖੀ ਪਹਿਲ ਕੀਤੀ ਗਈ, ਜਿਸ ਦੀ ਨਾ ਸਿਰਫ਼ ਸ਼ਰਧਾਲੂਆਂ ਵੱਲੋਂ ਸ਼ਲਾਘਾ ਕੀਤੀ ਗਈ ਸਗੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸੁਤੰਤਰਤਾ ਦਿਵਸ ਮੌਕੇ ਟੀਮ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।

      ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾਕਟਰ ਜੰਗਜੀਤ ਸਿੰਘ ਨੇ ਟੀਮ ਨੂੰ ਸਨਮਾਨ ਮਿਲਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਲਗਾਤਾਰ 8 ਦਿਨ ਤੱਕ ਚੱਲੇ ਸਾਵਣ ਅਸ਼ਟਮੀ ਦੇ ਮੇਲੇ ਦੌਰਾਨ ਜਿੱਥੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ (ਪਕਵਾਨਾਂ) ਭੋਜਨ ਤੇ ਪਾਣੀ ਦਾ ਲੰਗਰ ਵਰਤਾਇਆ ਗਿਆ, ਉੱਥੇ ਹੀ ਸਿਹਤ ਵਿਭਾਗ ਵੱਲੋਂ ਡਾਕਟਰ ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ ਦਵਾਈਆਂ ਦਾ ਲੰਗਰ ਲਾਇਆ ਗਿਆ ਅਤੇ ਮੁਫ਼ਤ ਐਮਰਜੈਂਸੀ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਗਈਆਂ।

       ਉਹਨਾਂ ਦੱਸਿਆ ਕਿ ਟੀਮ ਵੱਲੋਂ ਸ਼ਰਧਾਲੂਆਂ ਲਈ ਜਿੱਥੇ ਪੀ.ਐੱਚ.ਸੀ ਕੀਰਤਪੁਰ ਸਾਹਿਬ ਅਤੇ ਆਯੁਸ਼ਮਾਨ ਅਰੋਗਿਆ ਕੇਂਦਰ ਲੰਮਲੈਹੜੀ ਵਿਖੇ 24 ਘੰਟੇ ਐਮਰਜੈਂਸੀ ਦੀ ਸਹੂਲਤ ਉਪਲੱਬਧ ਕਰਵਾਈ ਗਈ ਉੱਥੇ ਹੀ ਕੀਰਤਪੁਰ ਸਾਹਿਬ ਦੇ ਬੱਸ ਅੱਡੇ ਅਤੇ ਰਾਹ ‘ਚ ਆਉਂਦੇ ਸ਼ਿਵ ਮੰਦਿਰ, ਪਿੰਡ ਕੋਟਲਾ ਅਤੇ ਮੀਢਵਾਂ ਵਿਖੇ ਵੀ ਆਰਜ਼ੀ ਡਿਸਪੈਂਸਰੀਆਂ ਸਥਾਪਿਤ ਕੀਤੀਆਂ ਗਈਆਂ ਜਿੱਥੇ ਢਾਈ ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਮੁਫ਼ਤ ਦਵਾਈਆਂ ਦੇ ਨਾਲ ਨਾਲ ਮੁੱਢਲੀ ਡਾਕਟਰੀ ਸਹਾਇਤਾ ਵੀ ਮੁੱਹਈਆ ਕਰਵਾਈ ਗਈ।

      ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਸਮਾਗਮ ਵਿੱਚ ਐੱਸ.ਡੀ.ਐੱਮ ਜਸਪ੍ਰੀਤ ਸਿੰਘ ਨੇ ਸਾਵਣ ਅਸ਼ਟਮੀ ਮੇਲੇ ਦੌਰਾਨ ਸਿਹਤ ਵਿਭਾਗ ਵੱਲੋਂ ਸੇਵਾ ਭਾਵ ਨਾਲ ਨਿਭਾਈ ਗਈ ਡਿਊਟੀ ਲਈ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਟੀਮ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੇਲੇ ਦੌਰਾਨ ਸ਼ਰਧਾਲੂ ਅਤੇ ਗੋਪਾਲਪੁਰ ਲੰਗਰ ਕਮੇਟੀ ਦੇ ਪ੍ਰਧਾਨ ਜਗਰੂਪ ਸਿੰਘ ਨੇ ਵੀ ਲੰਮਲੈਹੜੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾਕਟਰ ਜੰਗਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਪੂਰੇ ਇਲਾਕਾ ਵਾਸੀਆਂ ਵੱਲੋਂ ਟੀਮ ਦੇ ਜਜ਼ਬੇ ਨੂੰ ਸਲਾਮ ਕੀਤਾ। ਇਸ ਸਭ ਦੇ ਲਈ ਸ.ਹਰਜੋਤ ਸਿੰਘ ਬੈਂਸ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਪੰਜਾਬ ਦੀ ਕਾਰਗੁਜਾਰੀ ਬੇਹੱਦ ਮਹੱਤਵਪੂਰਨ ਰਹੀ ਹੈ ਜਿਨ੍ਹਾਂ ਨੇ ਲਗਾਤਾਰ ਪਿਛਲੇ ਸਾਢੇ ਤਿੰਨ ਸਾਲਾ ਦੌਰਾਨ ਆਪਣੇ ਹਲਕੇ ਵਿੱਚ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਜਿੰਮੇਵਾਰੀ ਨੂੰ ਆਪਣੀ ਨਿਗਰਾਨੀ ਵਿਚ ਰੱਖਿਆ ਹੈ।