ਜ਼ਿਲ੍ਹਾ ਪੱਧਰੀ ਕਵਿਤਾ ਗਾਇਨ ਤੇ ਸਾਹਿਤ ਸਿਰਜਣ ਮੁਕਾਬਲੇ

42

ਹੁਸ਼ਿਆਰਪੁਰ, 19 ਅਗਸਤ 2025 AJ DI Awaaj
Punjab Desk :  ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ, ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਹੁਰਾਂ ਦੇ ਦਿਸ਼ਾ-ਨਿਰਦੇਸ਼ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਵਿਦਿਆਰਥੀਆਂ ਵਿਚ ਕੋਮਲ ਕਲਾਵਾਂ ਪ੍ਰਤੀ ਸਿਰਜਣਾਤਮਕ ਅਤੇ ਸੁਹਜਾਤਮਕ ਗਤੀਵਿਧੀਆਂ ਪੈਦਾ ਕਰਨ ਲਈ ਹਰ ਸਾਲ ਕਵਿਤਾ ਗਾਇਨ ਅਤੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਾਰ ਹੁਸ਼ਿਆਰਪੁਰ ਵਿਚ ਜ਼ਿਲ੍ਹਾ ਪੱਧਰੀ ਮੁਕਾਬਲੇ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ੁਆਸਪੁਰ ਹੀਰਾਂ ਵਿਖੇ ਵਾਇਸ ਪ੍ਰਿੰਸੀਪਲ ਮੈਡਮ ਪ੍ਰੀਤੀ ਸੋਨੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਭਾਸ਼ਾ ਵਿਭਾਗ ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਦੀ ਕਾਰਜਸ਼ੈਲੀ ਅਤੇ ਮੁਕਾਬਲਿਆਂ ਦੀ ਰੂਪ-ਰੇਖਾ ਬਾਰੇ ਆਏ ਹੋਏ ਪ੍ਰਤੀਯੋਗੀਆਂ ਅਤੇ ਅਧਿਆਪਕਾਂ ਨਾਲ ਤਫ਼ਸੀਲ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਕਵਿਤਾ ਗਾਇਨ ਮੁਕਾਬਲੇ ਵਿਚ ਨਿਪੁਨ ਸ਼ਰਮਾ, ਤਨੂੰ ਠਾਕੁਰ ਅਤੇ ਵੰਸ਼ਿਕਾ ਰਾਣਾ, ਕਵਿਤਾ ਸਿਰਜਣ ਮੁਕਾਬਲੇ ਵਿਚ ਗੁਰਪ੍ਰੀਤ ਕੌਰ, ਕੁਮਕੁਮ ਅਤੇ ਸੀਆ, ਕਹਾਣੀ ਸਿਰਜਣ ਮੁਕਾਬਲੇ ਵਿਚ ਤਾਨੀਆ, ਗੌਰੀ ਅਤੇ ਸਿਮਰਨ, ਲੇਖ ਸਿਰਜਣ ਮੁਕਾਬਲੇ ਵਿੱਚ ਕਸ਼ਿਸ਼, ਸ਼ਾਰੋਨ ਅਤੇ ਖ਼ੁਸ਼ਬੂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ 1000, 750 ਅਤੇ 500 ਰੁਪਏ ਦੇ ਨਕਦ ਇਨਾਮ ਦੇ ਨਾਲ-ਨਾਲ ਭਾਸ਼ਾ ਵਿਭਾਗ ਦਾ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਬਤੌਰ ਜੱਜਮੈਂਟ ਦੀ ਡਿਊਟੀ ਨਿਭਾਉਣ ਵਾਲੇ ਪ੍ਰੋ. ਹਰਮਿੰਦਰ ਕੌਰ, ਡਾ. ਸ਼ਮਸ਼ੇਰ ਮੋਹੀ ਅਤੇ ਵਰਿੰਦਰ ਨਿਮਾਣਾ ਨੂੰ ਭਾਸ਼ਾ ਵਿਭਾਗ ਵੱਲੋਂ ਪ੍ਰਾਪਤ ਸੇਵਾਫ਼ਲ ਅਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਵਿਸ਼ੇਸ਼ ਸਹਿਯੋਗ ਲਈ ਮੈਡਮ ਪ੍ਰੀਤੀ ਸੋਨੀ, ਅੰਜੂ ਵੀ ਰੱਤੀ, ਹਰਦੀਪ ਗਿੱਲ, ਨਰਿੰਦਰ ਕੁਮਾਰ ਸ਼ਰਮਾ ਅਤੇ ਮਨਿੰਦਰਜੀਤ ਕੌਰ ਹੁਰਾਂ ਨੂੰ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨਿਤ ਕੀਤਾ ਗਿਆ। ਧੰਨਵਾਦੀ ਸ਼ਬਦ ਮੈਡਮ ਪ੍ਰੀਤੀ ਸੋਨੀ ਨੇ ਆਖੇ। ਸਟੇਜ ਦੀ ਡਿਊਟੀ ਮੈਡਮ ਅੰਜੂ ਵੀ ਰੱਤੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਬਰੇਂਦਰ ਸਿੰਘ, ਲਾਲ ਸਿੰਘ, ਪੁਸ਼ਪਾ ਰਾਣੀ, ਪਰਵੀਨ ਕੁਮਾਰ,  ਵੀਨਾ ਕੁਮਾਰੀ, ਮੰਜੂ ਬਾਲਾ, ਜਸਬੀਰ ਕੌਰ, ਰਵੀ ਕੁਮਾਰ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।