ਅੰਗ ਦਾਨ ਦਿਵਸ ‘ਤੇ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਪ੍ਰਣ

45

ਫਾਜ਼ਿਲਕਾ 13/08/2025 AJ DI Awaaj
Punjab Desk : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਫਾਜ਼ਿਲਕਾ ਦੀ ਦੇਖ ਰੇਖ ਵਿੱਚ ਡਾਕਟਰ ਏਰਿਕ ਸੀਨੀਅਰ ਮੈਡੀਕਲ ਅਫ਼ਸਰ ਅਤੇ ਡਾਕਟਰ ਅਰਪਿਤ ਗੁਪਤਾ ਜਿਲ੍ਹਾ ਟੀਕਾਕਰਣ ਅਫ਼ਸਰ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਅੰਤਰ ਰਾਸ਼ਟਰੀ ਅੰਗ ਦਾਨ ਦਿਵਸ ਸਬੰਧੀ ਜਾਗਰੂਕਤਾ ਸਮਾਗਮ ਅਤੇ ਪ੍ਰਣ ਕਰਵਾਇਆ ਗਿਆ। ਇਸ ਸਬੰਧੀ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਸਮਾਜ ਵਿੱਚ ਅੰਗ ਦਾਨ ਸਬੰਧੀ ਜਾਗਰੂਕ ਕਰਨ ਲਈ ਹਰੇਕ ਸਾਲ 13 ਅਗਸਤ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ “ਕਾਲ ਦਾ ਜੁਆਬ ਦੇਣਾ” ਹੈ। ਇਹ ਦਿਨ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੇ ਸਿਹਤਮੰਦ ਅੰਗ ਦਾਨ ਕਰਨ ਲਈ ਪ੍ਰੇਰਨਾ ਅਤੇ ਅੰਗ ਦਾਨ ਦੇ ਮਹੱਤਵ ਬਾਰੇ ਵੱਡੀ ਗਿਣਤੀ ਲੋਕਾਂ ਵਿੱਚ ਇਹ ਜਾਗਰੂਕਤਾ ਪੈਦਾ ਕਰਨਾ ਹੈ। ਤਾਂ ਕਿ ਉਹਨਾਂ ਦੇ ਕੀਤੇ ਅੰਗ ਦਾਨ ਨਾਲ ਕਈ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਜਿਉਂਦੇ ਮਰੀਜ਼ ਦੀ ਜਿੰਦਗੀ ਬਚਾਉਣ ਲਈ ਕਿਸੇ ਜਿਉਂਦੇ ਜਾਂ ਦਿਮਾਗੀ ਮ੍ਰਿਤਕ ਵਿਅਕਤੀ ਦੇ ਆਪਣੇ ਸਰੀਰ ਦੇ ਅੰਗ ਜਾਂ ਤੰਤੂ ਦਾਨ ਕਰਨ ਨੂੰ ਅੰਗ ਦਾਨ ਕਿਹਾ ਜਾਂਦਾ ਹੈ। ਅੰਗ ਦਾਨ ਦੇ ਇਛੁੱਕ ਲੋਕ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗੇਨਾਈਜ਼ੇਸ਼ਨ ਦੇ ਅੰਗ ਦਾਨ ਲਈ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਇਸ ਸਬੰਧੀ ਫਾਰਮ ਭਰ ਸਕਦੇ ਹਨ।   18 ਤੋਂ 70—80 ਸਾਲ ਦਾ ਕੋਈ ਵੀ ਸਿਹਤਮੰਦ ਵਿਅਕਤੀ ਆਪਣੇ ਅੰਗ ਦਾਨ ਕਰ ਸਕਦਾ ਹੈ।
ਇਸ ਸਮੇਂ ਡਾਕਟਰ ਐਰਿਕ ਅਤੇ ਡਾਕਟਰ ਅਰਪਿਤ ਗੁਪਤਾ ਵੱਲੋਂ ਵੀ ਸਮੂਹ ਹਾਜ਼ਰੀਨ ਨੂੰ ਇਸ ਮੁਹਿੰਮ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਗਿਆ।ਉਹਨਾਂ ਕਿਹਾ ਕਿ ਜਦੋਂ ਮੈਡੀਕਲ ਮਾਹਿਰਾਂ ਦੇ ਬੋਰਡ ਦੁਆਰਾ ਸਾਡਾ ਦਿਮਾਗ/ਦਿਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤਾਂ ਸਾਡੇ ਸਰੀਰ ਦੇ ਬਾਕੀ ਅੰਗ ਜੀਵਤ ਰਹਿੰਦੇ ਹਨ। ਅਸੀਂ ਇਨ੍ਹਾਂ ਅੰਗਾਂ ਨੂੰ ਕਿਸੇ ਹੋਰ ਦੀ ਜਾਨ ਬਚਾਉਣ ਲਈ ਦਾਨ ਕਰ ਸਕਦੇ ਹਾਂ। ਇਸ ਲਈ ਵਹਿਮਾਂ ਭਰਮਾਂ ਤੋਂ ਬਾਹਰ ਨਿਕਲ ਕੇ ਸਾਨੂੰ ਆਪਣੇ ਅੰਗ ਦਾਨ ਕਰਨ ਲਈ ਪ੍ਰਣ ਕਰਕੇ ਫਾਰਮ ਭਰਨੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਜੇਕਰ ਅਸੀਂ ਇਹ ਅੰਗ ਦਾਨ ਕਰਨ ਲਈ ਸਹਿਮਤ ਹੁੰਦੇ ਹਾਂ ਤਾਂ ਸਾਡੇ ਘਰ ਦੇ ਕਿਸੇ ਮੈਂਬਰ ਨੂੰ ਇਸ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਮੌਕੇ ਤੇ ਸਿਹਤ ਸੰਸਥਾ ਜਾਂ ਲੋੜਵੰਦ ਨੂੰ ਸੂਚਿਤ ਕਰ ਸਕਣ।

ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ ਅਤੇ ਮਨਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅੰਗ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ notto.abdm.gov.in ਤੇ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਸਕਦਾ ਹੈ। ਇਸ ਸਮੇਂ ਸਿਵਲ ਹਸਪਤਾਲ, ਦਫ਼ਤਰ ਸਿਵਲ ਸਰਜਨ ਦਾ ਸਟਾਫ਼ ਅਤੇ ਹੋਰ ਲੋਕ ਹਾਜ਼ਰ ਸੀ।