ਸ੍ਰੀ ਹਰਗੋਬਿੰਦਪੁਰ ਸਾਹਿਬ (ਬਟਾਲਾ), 12 ਅਗਸਤ 2025 AJ DI Awaaj
Punjab Desk : ਇਤਿਹਾਸਕ ਤੇ ਧਾਰਮਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਗਿਆ ਹੈ ਲੋਕਾਂ ਨੂੰ ਮਿਲਕੇ ਉਨ੍ਹਾਂ ਦੀ ਮੁਸ਼ਕਿਲਾਂ ਦੂਰ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਆਪਣੇ ਗ੍ਰਹਿ ਅਤੇ ਆਮ ਆਦਮੀ ਪਾਰਟੀ ਦਫਤਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਲੋਕ ਮਿਲਣੀ ਦੌਰਾਨ ਕੀਤਾ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਪਿੰਡਾਂ ਦੀਆਂ 19000 ਕਿਲੋਮੀਟਰ ਲਿੰਕ ਸੜਕਾਂ ਪਹਿਲੇ ਫੇਜ਼ ‘ਚ ਬਣਾਉਣ ਜਾ ਰਹੀ ਹੈ, ਜਿਸ ਲਈ ਸਾਰਾ ਬਜਟ ਵੀ ਜਾਰੀ ਹੋ ਚੁੱਕਿਆ ਹੈ। ਉਨਾਂ ਦੱਸਿਆ ਕਿ ਠੇਕੇਦਾਰਾਂ ਨੂੰ ਵੀ ਹਦਾਇਤਾਂ ਹਨ ਕਿ ਪੰਜ ਸਾਲ ਤੁਸੀਂ ਆਪਣੀ ਗਾਰੰਟੀ ‘ਤੇ ਸੜਕ ਬਣਾਓਗੇ, ਜੇਕਰ ਸੜਕ ਟੁੱਟ ਗਈ ਖ਼ਰਚਾ ਠੇਕੇਦਾਰਾਂ ਨੂੰ ਪੱਲਿਓਂ ਕਰਨਾ ਪਵੇਗਾ।
ਉਨਾਂ ਅੱਗੇ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦਾ ਨਵੀਨੀਕਰਨ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਬਣਾਉਣ, ਡੇਰਿਆਂ ਦੇ ਰਸਤੇ ਪੱਕੇ ਕਰਨ ਸਮੇਤ ਵੱਖ-ਵੱਖ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ।
ਉਨਾਂ ਅੱਗੇ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਾ, ਉਨ੍ਹਾਂ ਦੀ ਪਹਿਲੀ ਤਰਜੀਹ ਹੈ ਤੇ ਲੋਕਾਂ ਤੱਕ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਪਿੰਡਾਂ ਵਿੱਚ ਨਵੀਆਂ ਚੁਣੀਆਂ ਪੰਚਾਇਤਾਂ ਰਾਹੀਂ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਪਿੰਡਾਂ ਵਿੱਚ ਬਿਨਾਂ ਪੱਖਪਾਤ ਤੋਂ ਵਿਕਾਸ ਕਾਰਜ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।














