ਮਾਨ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ

38

ਬਟਾਲਾ, 12 ਅਗਸਤ 2025 AJ DI Awaaj

Punjab Desk : ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ  ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਮੇਸ਼ਾਂ ਕਿਸਾਨੀ ਹਿੱਤਾਂ ਨੂੰ ਤਰਜੀਹ ਦਿੱਤੀ ਹੈ ਅਤੇ ਕਿਸਾਨਾਂ ਪੱਖੀ ਕਦਮ ਉਠਾਏ ਹਨ।  ਚਾਹੇ ਕਿਸਾਨਾਂ ਦੀ ਕਰਜ਼ ਮਾਫੀ ਹੋਵੇ, ਫਸਲਾਂ ਲਈ ਵਧੀਆ ਭਾਅ ਦੀ ਲੜਾਈ ਹੋਵੇ, ਸਿੰਚਾਈ ਸਹੂਲਤਾਂ ਦਾ ਵਾਧਾ ਹੋਵੇ ਜਾਂ ਬਿਜਲੀ ਬਿੱਲਾਂ ਵਿੱਚ ਰਾਹਤ, ਹਰ ਕਦਮ ਕਿਸਾਨਾਂ ਦੀ ਭਲਾਈ ਲਈ ਹੀ ਚੁੱਕਿਆ ਗਿਆ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਸੇ ਸੋਚ ਦੇ ਤਹਿਤ ਲੈਂਡ ਪੂਲਿੰਗ ਨੀਤੀ 2025 ਵੀ ਬਣਾਈ ਗਈ ਸੀ, ਜਿਸ ਦਾ ਮਕਸਦ ਕਿਸਾਨਾਂ ਨੂੰ ਵਿਕਾਸ ਵਿੱਚ ਸਿੱਧਾ ਹਿੱਸੇਦਾਰ ਬਣਾਉਣਾ, ਉਨ੍ਹਾਂ ਦੀ ਜ਼ਮੀਨ ਦੀ ਕੀਮਤ ਕਈ ਗੁਣਾ ਵਧਾਉਣਾ ਅਤੇ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਨਾ ਸੀ। ਉਨਾਂ ਅੱਗੇ ਕਿਹਾ ਕਿ ਪਰ ਕਿਸਾਨ ਇਸ ਨੀਤੀ ਤੋਂ ਅਸ਼ਤੁੰਟ ਸਨ, ਜਿਸ ਕਾਰਨ ਨੀਤੀ ਨੂੰ ਲਾਗੂ ਕਰਨਾ ਜਨਹਿੱਤ ਅਤੇ ਲੋਕਤੰਤਰਕ ਸਿਧਾਂਤਾਂ ਦੇ ਖਿਲਾਫ਼ ਹੈ। ਇਸ ਕਰਕੇ ਸਰਕਾਰ ਨੇ ਕਿਸਾਨਾਂ ਦੀ ਰਾਇ ਨੂੰ ਸਰਵੋਤਮ ਮੰਨਦਿਆਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਵੱਡਾ ਅਤੇ ਇਤਿਹਾਸਕ ਫ਼ੈਸਲਾ ਲਿਆ ਹੈ।

ਉਨਾਂ ਨੇ ਅੱਗੇ ਕਿਹਾ ਕਿ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬੀਅਤ ਦੀ ਅਸਲੀ ਪਛਾਣ ਮਿੱਟੀ, ਮਿਹਨਤ ਅਤੇ ਮਾਣ ਨੂੰ ਬਚਾਉਣ ਵਿੱਚ ਹੈ। ਕਿਸਾਨਾਂ ਦੀ ਖੁਸ਼ਹਾਲੀ ਹੀ ਪੰਜਾਬ ਦੀ ਖੁਸ਼ਹਾਲੀ ਹੈ ਅਤੇ ਇਹੀ ਸੂਬਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ ਹੈ।