ਮਹਿਲਾ ਸਸ਼ਕਤੀਕਰਨ ਲਈ ਕੱਪੜਾ ਡਿਜ਼ਾਈਨ, ਸਿਲਾਈ ਤੇ ਕਢਾਈ ਦੀ ਟ੍ਰੇਨਿੰਗ ਸ਼ੁਰੂ

57

ਅਬੋਹਰ 12 ਅਗਸਤ 2025 AJ DI Awaaj

Punjab Desk – ਅਨੁਸੂਚਿਤ ਜਾਤੀ ਉਪ-ਪ੍ਰੋਜੈਕਟ (ਐੱਸਸੀਐੱਸਪੀ) ਅਧੀਨ ਔਰਤਾਂ ਲਈ “ਕੱਪੜਾ ਡਿਜ਼ਾਈਨਿੰਗ ਦੀਆਂ ਸਿਲਾਈ ਅਤੇ ਕਢਾਈ ਤਕਨੀਕਾਂ” ‘ਤੇ ਇੱਕ ਮਹੀਨੇ ਦਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤਰੀ ਕੇਂਦਰ, ਸੀਫੇਟ ਅਬੋਹਰ ਵਿਖੇ ਸ਼ੁਰੂ ਕੀਤਾ ਗਿਆ। ਇਹ ਸਿਖਲਾਈ 11 ਅਗਸਤ ਤੋਂ 10 ਸਤੰਬਰ 2025 ਤੱਕ ਕਰਵਾਈ ਜਾਵੇਗੀ।
ਉਦਘਾਟਨ ਸਮਾਰੋਹ ਵਿੱਚ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਖੇਤਰੀ ਕੇਂਦਰ ਦੇ ਮੁਖੀ ਡਾ. ਅਮਿਤ ਨਾਥ ਨੇ ਕਿਹਾ ਕਿ ਇਹ ਸਿਖਲਾਈ ਪੇਂਡੂ ਔਰਤਾਂ ਨੂੰ ਸਵੈ-ਨਿਰਭਰ ਬਣਾਉਣ, ਸਵੈ-ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਸਥਾਨਕ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਆਧੁਨਿਕ ਸਿਲਾਈ ਮਸ਼ੀਨਾਂ ਦੀ ਵਰਤੋਂ, ਡਿਜ਼ਾਈਨਿੰਗ ਪੈਟਰਨ, ਕਢਾਈ ਦੀਆਂ ਵੱਖ-ਵੱਖ ਤਕਨੀਕਾਂ ਅਤੇ ਉਨ੍ਹਾਂ ਨੂੰ ਬਾਜ਼ਾਰ ਨਾਲ ਜੋੜਨ ਦੇ ਤਰੀਕਿਆਂ ਬਾਰੇ ਵਿਹਾਰਕ ਗਿਆਨ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਅਬੋਹਰ ਦਾ ਉਦੇਸ਼ ਅਜਿਹੀਆਂ ਹੁਨਰ ਸਿਖਲਾਈਆਂ ਰਾਹੀਂ ਪੇਂਡੂ ਔਰਤਾਂ ਨੂੰ ਹੁਨਰਮੰਦ ਬਣਾ ਕੇ ਸਥਾਨਕ ਪੱਧਰ ‘ਤੇ ਰੁਜ਼ਗਾਰ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ।
ਪ੍ਰੋਗਰਾਮ ਦਾ ਸੰਚਾਲਨ ਗ੍ਰਹਿ ਵਿਗਿਆਨ ਮਾਹਿਰ ਡਾ. ਰੁਪਿੰਦਰ ਕੌਰ ਨੇ ਕੀਤਾ। ਡਾ. ਰੁਪਿੰਦਰ ਕੌਰ ਨੇ ਸਿਖਲਾਈ ਦੌਰਾਨ ਸਿਖਾਏ ਜਾਣ ਵਾਲੇ ਹੁਨਰਾਂ ਦੀ ਸੰਖੇਪ ਜਾਣ-ਪਛਾਣ ਵੀ ਕਰਵਾਈ। ਇਸ ਸਿਖਲਾਈ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਲਗਭਗ 8 ਪਿੰਡਾਂ ਦੇ 25 ਭਾਗੀਦਾਰ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਦੌਰਾਨ, ਡਾ. ਰੁਪਿੰਦਰ ਕੌਰ ਅਤੇ ਸ਼੍ਰੀਮਤੀ ਦਵਿੰਦਰ ਕੌਰ ਵੱਲੋਂ ਇੱਕ ਸ਼ੁਰੂਆਤੀ ਡੈਮੋ ਸੈਸ਼ਨ ਵੀ ਆਯੋਜਿਤ ਕੀਤਾ ਗਿਆ।