ਕੀਰਤਪੁਰ ਸਾਹਿਬ 08 ਅਗਸਤ 2025 AJ DI Awaaj
Punjab Desk : ਪੰਜਾਬ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਬਦਲਾਅ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ.ਜੰਗਜੀਤ ਸਿੰਘ ਨੇ ਕਿਹਾ ਕਿ ਸਰਕਾਰ ਟੀ.ਬੀ ਦੇ ਖ਼ਾਤਮੇ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਟੀ.ਬੀ ਮਰੀਜ਼ਾਂ ਦਾ ਨਾ ਸਿਰਫ਼ ਇਲਾਜ਼ ਕੀਤਾ ਜਾ ਰਿਹਾ ਹੈ ਸਗੋਂ ਨਿਕਸ਼ੈ ਮਿੱਤਰਾਂ ਰਾਹੀਂ ਉਨ੍ਹਾਂ ਦੀ ਖ਼ੁਰਾਕ ਦਾ ਧਿਆਨ ਵੀ ਰੱਖਿਆ ਜਾ ਰਿਹੈ ਤਾਂ ਜੋ ਉਹ ਇਸ ਬਿਮਾਰੀ ਤੋਂ ਨਿਜਾਤ ਪਾ ਸਕਣ।
ਡਾ.ਜੰਗਜੀਤ ਸਿੰਘ ਅੱਜ ਖੁਦ ਨਿਕਸ਼ੇ ਮਿੱਤਰ ਬਣਨ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਰੂਪਨਗਰ ਡਾ.ਬਲਵਿੰਦਰ ਕੌਰ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਟੀ.ਬੀ ਅਧਿਕਾਰੀ ਡਾ.ਡੋਰੀਆ ਬੱਗਾ ਦੀ ਅਗਵਾਈ ਹੇਠ ਟੀ.ਬੀ ਦੇ ਖ਼ਾਤਮੇ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਡਾ.ਜੰਗਜੀਤ ਸਿੰਘ ਨੇ ਦੱਸਿਆ ਕਿ ਟੀ.ਬੀ ਮਰੀਜ਼ਾਂ ਨੂੰ ਇਲਾਜ਼ ਦੌਰਾਨ ਜਿਆਦਾ ਪ੍ਰੋਟੀਨ ਵਾਲੀ ਤੇ ਵਿਟਾਮਿਨ ਯੁਕਤ ਖ਼ਰਾਕ ਦੀ ਲੋੜ ਪੈਂਦੀ ਹੈ। ਕਈ ਗਰੀਬ ਵਰਗ ਦੇ ਟੀ.ਬੀ ਮਰੀਜ਼ ਲੋੜੀਂਦੀ ਖੁਰਾਕ ਨਹੀਂ ਲੈ ਸਕਦੇ, ਇਸ ਲਈ ਸਰਕਾਰ ਨੇ ਨਿਕਸ਼ੈ ਮਿੱਤਰ ਸਕੀਮ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਤਹਿਤ ਕੋਈ ਵੀ ਵਿਅਕਤੀ ਨਿਕਸ਼ੈ ਮਿੱਤਰ ਬਣ ਕੇ ਲੋੜਵੰਦ ਟੀ.ਬੀ ਮਰੀਜ਼ਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਗੋਦ ਲਈ ਸਕਦੇ ਹਨ।
ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਵੀ ਨਿਕਸ਼ੈ ਮਿੱਤਰ ਬਣ ਕੇ ਟੀ.ਬੀ ਦੇ 2 ਮਰੀਜ਼ ਗੋਦ ਲਏ ਹਨ ਅਤੇ ਇਹਨਾਂ ਮਰੀਜ਼ਾਂ ਦੀ, ਭਰਪੂਰ ਪ੍ਰੋਟੀਨ ਅਤੇ ਵਿਟਾਮਿਨ ਯੁਕਤ ਖੁਰਾਕ ਦਾ ਇੰਤਜ਼ਾਮ ਕੀਤਾ। ਉਹਨਾਂ ਗੋਦ ਲਏ ਮਰੀਜ਼ਾਂ ਨੂੰ ਮਲਟੀਗ੍ਰੇਨ ਆਟਾ, ਦਾਲਾਂ, ਦਲੀਆ, ਸੋਇਆਬੀਨ,ਮਿਲਕ ਪਾਊਡਰ ਅਤੇ ਭੋਜਨ ਬਣਾਉਣ ਵਿੱਚ ਇਸਤੇਮਾਲ ਹੋਣ ਵਾਲਾ ਤੇਲ ਭੇਂਟ ਕੀਤਾ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਉਹ ਇਸ ਗੱਲ ਦਾ ਵੀ ਖਿਆਲ ਰੱਖਣਗੇ ਕਿ ਇਹ ਦੋਵੇਂ ਟੀ.ਬੀ ਮਰੀਜ਼ ਨਿਯਮ ਨਾਲ ਦਵਾਈ ਦਾ ਸੇਵਨ ਕਰਦੇ ਰਹਿਣ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਟੀ.ਬੀ ਦੀ ਜਾਂਚ ਲਈ ਅੱਗੇ ਆਉਣ ਅਤੇ ਟੀ.ਬੀ ਮਰੀਜ਼ਾਂ ਦੀ ਮਦਦ ਲਈ ਨਿਕਸ਼ੈ ਮਿੱਤਰ ਬਣਨ ਦਾ ਸੱਦਾ ਵੀ ਦਿੱਤਾ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਐੱਸ.ਐੱਮ.ਆਈ ਸਿਕੰਦਰ ਸਿੰਘ ਅਤੇ ਐੱਮ.ਐੱਲ.ਟੀ ਹਰਪ੍ਰੀਤ ਕੌਰ ਨੇ ਵੀ ਓ.ਪੀ. ਡੀ ਵਿਚ ਆਏ ਮਰੀਜ਼ਾਂ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਟੀ.ਬੀ ਲਾਗ ਦੀ ਬਿਮਾਰੀ ਹੈ ਪਰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਸ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਹੈਲਥ ਇੰਸਪੈਕਟਰ ਸੁਖਦੀਪ ਸਿੰਘ, ਸਟਾਫ਼ ਨਰਸ ਸ਼ਿਵ ਕੁਮਾਰ ਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਮੋਜੂਦ ਸਨ।
