ਡੀ.ਐਲ.ਐਡ ਦੇ ਵਿਦਿਆਰਥੀਆਂ ਦੀ ਦੋ ਰੋਜ਼ਾ ਟ੍ਰੇਨਿੰਗ

23

ਬਰਨਾਲਾ, 4 ਅਗਸਤ 2025 AJ DI Awaaj

Punjab Desk : ਐਸਸੀਈਆਰਟੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਬਰਨਾਲਾ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਵਿੱਚ ਐਲੀਮੈਂਟਰੀ ਸਿੱਖਿਆ ਦੇ ਵਿਦਿਆਰਥੀਆਂ ਦੀ ਦੋ ਰੋਜ਼ਾ ਟ੍ਰੇਨਿੰਗ ਸਫ਼ਲਤਾ ਪੂਰਵਕ ਸਮਾਪਤ ਹੋਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਇੰਦੂ ਸਿਮਕ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਬਰਨਾਲਾ ਦੇ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਕਾਲਜ ਪ੍ਰਿੰਸੀਪਲ ਐਸਪੀ ਸਿੰਘ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਅਪਰ ਪ੍ਰਾਇਮਰੀ) ਕਮਲਦੀਪ, ਡੀ.ਆਰ.ਸੀ (ਪ੍ਰਾਇਮਰੀ) ਕੁਲਦੀਪ ਸਿੰਘ ਭੁੱਲਰ ਅਤੇ ਟ੍ਰੇਨਿੰਗ ਕੋਆਰਡੀਨੇਟਰ ਲੈਕਚਰਾਰ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਇਹ ਟ੍ਰੇਨਿੰਗ ਕਰਵਾਈ ਗਈ। ਟ੍ਰੇਨਿੰਗ ਦੌਰਾਨ ਬੀਆਰਸੀ ਹਰਵਿੰਦਰ ਰੋਮੀ, ਤੇਜਿੰਦਰ ਸ਼ਰਮਾ ਅਤੇ ਕਰਮਜੀਤ ਭੋਤਨਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਮਿਸ਼ਨ ਸਮਰੱਥ, ਯੁੱਧ ਨਸ਼ਿਆਂ ਵਿਰੁੱਧ, ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ, ਚਾਨਣ ਰਿਸ਼ਮਾਂ ਪ੍ਰੋਗਰਾਮ, ਸਕੂਲੀ ਅਧਿਆਪਨ ਪਾਠ ਕੌਸ਼ਲ, ਸਕੂਲ ਆਫ਼ ਐਮੀਨੈਂਸ, ਸਕੂਲ ਆਫ ਹੈਪੀਨੈਸ, ਬੱਡੀ ਪ੍ਰੋਗਰਾਮ, ਸਿਲੇਬਸ, ਪੀਟੀਐਮ, ਸਕੂਲ ਮੈਨੇਜਮੈਂਟ ਕਮੇਟੀ, ਸਹਿ ਪਾਠਕ੍ਰਮ ਗਤੀਵਿਧੀਆਂ, ਵਿਦਿਅਕ ਗਤੀਵਿਧੀ ਮੇਲੇ, ਸਾਇੰਸ ਸਿਟੀ ਟੂਰ, ਲਰਨਿੰਗ ਆਊਟਕਮ ਆਦਿ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਨੇ ਕਿਹਾ ਕਿ ਸਕੂਲਾਂ ਵਿੱਚ ਟੀਚਿੰਗ ਪ੍ਰੈਕਟਿਸ ਕਰਨ ਤੋਂ ਪਹਿਲਾਂ ਇਹ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ। ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਚੱਲ ਰਹੀਆਂ ਵਿਦਿਅਕ ਗਤੀਵਿਧੀਆਂ ਅਤੇ ਪ੍ਰੋਜੈਕਟਾਂ ਬਾਰੇ ਤੁਹਾਨੂੰ ਪਹਿਲਾਂ ਹੀ ਅਗੇਤੀ ਜਾਣਕਾਰੀ ਹੋਵੇਗੀ। ਉਹਨਾਂ ਕਿਹਾ ਟੀਚਿੰਗ ਪ੍ਰੈਕਟਿਸ ਇਸ ਕੋਰਸ ਦਾ ਮਹੱਤਵਪੂਰਨ ਪੱਖ ਹੈ ਤਾਂ ਜੋ ਸਿਖਿਆਰਥੀ ਕੋਰਸ ਦੌਰਾਨ ਹੀ ਸਕੂਲ ਦੀ ਕਾਰਜਪ੍ਰਣਾਲੀ ਤੋਂ ਜਾਣੂ ਹੋ ਸਕਣ ਅਤੇ ਭਵਿੱਖ ਵਿੱਚ ਇੱਕ ਵਧੀਆ ਅਧਿਆਪਕ ਬਣ ਸਕਣ।