ਸੀਵਰੇਜ਼ ਸਫਾਈ ਲਈ 10,000 ਲੀਟਰ ਸਮਰੱਥਾ ਵਾਲੀਆਂ ਦੋ ਸੁਪਰ ਸੱਕਰ ਮਸ਼ੀਨਾਂ ਦੀ ਸ਼ੁਰੂਆਤ

23

ਬਟਾਲਾ, 4 ਅਗਸਤ 2025 AJ DI Awaaj

Punjab Desk : ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਭਾਵੇਂ ਤਿੰਨ ਦਿਨਾਂ ਦੌਰੇ ਲਈ ਅਮਰੀਕੇ ਵਿਖੇ ਹੋ ਰਹੇ ਇੱਕ ਵੱਕਾਰੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਗਏ ਹਨ ਪਰ ਉਨਾਂ ਵਲੋਂ ਆਪਣੇ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਿੱਚ ਕੋਈ ਕਸਰ ਬਾਕੀ ਵੇਖਣ ਨੂੰ ਨਹੀਂ ਮਿਲ ਰਹੀ ਹੈ।

ਅੱਜ ਉਨਾਂ ਦੇ ਭਰਾ ਅੰਮ੍ਰਿਤ ਕਲਸੀ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸੀਵਰੇਜ਼ ਵਿਭਾਗ ਦੀਆਂ ਦੋ ਸੁਪਰ ਸੱਕਰ ਮਸ਼ੀਨਾਂ, ਜਿਸਦੇ ਇੱਕ ਟੈਂਕਰ ਦੀ 10,000 ਲੀਟਰ ਸਮਰੱਥਾ ਹੈ, ਰਾਹੀਂ ਸਾਰੇ ਸ਼ਹਿਰ ਦੀ ਸੀਵਰੇਜ਼ ਦੀ ਸਫਾਈ ਕਰਵਾਉਣ ਦੀ ਸ਼ੁਰੂਆਤ ਕਰਵਾਈ ਗਈ ਹੈ। ਇਸ ਮੌਕੇ ਸੀਵਰੇਜ਼ ਵਿਭਾਗ ਦੇ ਅਧਿਕਾਰੀ ਅਤੇ ਵੱਖ-ਵੱਖ ਸ਼ਖਸ਼ੀਅਤਾਂ ਮੌਜੂਦ ਸਨ।

ਇਸ ਮੌਕੇ ਗੱਲ ਕਰਦਿਆਂ ਅੰਮ੍ਰਿਤ ਕਲਸੀ ਨੇ ਦੱਸਿਆ ਕਿ ਉਨਾਂ ਦੇ ਵੱਡੇ ਭਰਾ ਵਿਧਾਇਕ ਸ਼ੈਰੀ ਕਲਸੀ ਬੇਸ਼ੱਕ ਅਮਰੀਕਾ ਵਿਖੇ ਵਿਸ਼ਵ ਭਰ ਦੇ ਚੋਣਵੇਂ ਵਿਧਾਇਕਾਂ ਦੇ ਹੋ ਰਹੇ ਸੰਮੇਲਨ ਵਿੱਚ ਹਿੱਸਾ ਲੈਣ ਲਈ ਗਏ ਹਨ ਪਰ ਉਨਾਂ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕੋਈ ਕਮੀਂ ਨਹੀਂ ਆਉਣ ਦਿੱਤੀ ਜਾ ਰਹੀ ਹੈ ਅਤੇ ਅੱਜ ਸੀਵਰੇਜ਼ ਦੀ ਸਫਾਈ ਕਰਵਾਉਣ ਲਈ ਦੋ ਵੱਡੀਆਂ ਸੁਪਰ ਸ਼ੱਕਰ ਮਸ਼ੀਨਾਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਸਾਰੇ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਕੀਤੀ ਜਾਵੇਗੀ।

ਅੰਮ੍ਰਿਤ ਕਲਸੀ ਨੇ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਵਿਧਾਇਕ ਸ਼ੈਰੀ ਕਲਸੀ ਦ੍ਰਿੜ ਸੰਕਲਪ ਹਨ ਅਤੇ ਜਿਸ ਤਹਿਤ ਬੀਤੇ ਦਿਨੀਂ ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਵਿਖੇ ਦੁਕਾਨਦਾਰਾਂ ਦੀ ਸਮੱਸਿਆ ਦਾ ਹੱਲ ਕਰਦਿਆਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੱਡੀਆਂ ਹੋਦੀਆਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਨਾਲ ਚੌਂਕ ਵਿੱਚ ਬਰਸਾਤੀ ਪਾਣੀ ਨਹੀਂ ਖੜ੍ਹੇਗਾ।