ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਲਮੀਨੇਸ਼ਨ ਦਿਵਸ ਮਨਾਇਆ ਗਿਆ

27

ਫਰੀਦਕੋਟ 31 ਜੁਲਾਈ 2025 AJ DI Awaaj

Punjab Desk : ਅੱਜ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਵੀਰਇੰਦਰ ਅਗਰਵਾਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ  ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਬੂਟੇ ਲਗਾਉਣ ਦੇ ਦੋ ਮਹੀਨੇ ਦੀ ਕੰਪੇਨ ਦਾ ਕਲਮੀਨੇਸ਼ਨ ਪ੍ਰੋਗਰਾਮ ਕੀਤਾ ਗਿਆ । ਜ਼ੋ ਕਿ ਮਿਤੀ 05.06.2025 ਤੋਂ ਸ਼ੁਰੂ ਹੋਈ ਸੀ ਅਤੇ ਮਿਤੀ 05.08.2025 ਤੱਕ ਚੱਲੇਗੀ।

ਇਸ ਮੌਕੇ ਜੱਜ ਸਾਹਿਬ ਗਲੋਬਲ ਵਾਰਮਿੰਗ ਦੇ ਵਿਸ਼ੇ ਤੇ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਕੱਲ੍ਹ ਜ਼ੋ ਇੰਨੀ ਗਰਮੀ ਪੈ ਰਹੀ ਹੈ ਅਤੇ ਧਰਤੀ ਦੀ ਤਪਸ਼ ਵੱਧ ਰਹੀ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਧਰਤੀ ਤੇ ਲਗਾਤਾਰ ਦਰਖਤਾਂ ਦੀ ਗਿਣਤੀ ਘੱਟ ਹੋ ਰਹੀ ਹੈ। ਜਿਸ ਕਰਕੇ ਗਰਮੀ ਨੂੰ ਸੋਖਣ ਲਈ ਦਰਖਤ ਨਹੀਂ ਹਨ ਜਾਂ ਬਹੁਤ ਘੱਟ ਹਨ ਇਸ ਕਾਰਨ ਜ਼ੋ ਲਗਾਤਾਰ ਗਰਮੀ ਵਿੱਚ ਵਾਧਾ ਹੋ ਰਿਹਾ ਹੈ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਦਰਖਤ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਆਪਣੇ ਬੱਚਿਆਂ ਵਾਂਗ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਖਤਰਾ ਸਾਡੇ ਲਈ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਖਤਰਨਾਕ ਸਿੱਧ ਹੋਵੇਗਾ ।

ਇਸ ਮੌਕੇ ਜੱਜ ਸਾਹਿਬ ਨੇ ਅੱਗੇ ਬੋਲਦਿਆਂ ਦੱਸਿਆ ਕਿ ਅੱਜ ਦੇ ਪ੍ਰਦੂਸ਼ਣ ਭਰੇ ਮਾਹੌਲ ਵਿੱਚ ਦਰਖਤਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ । ਨਵ ਨਿਰਮਾਣ ਅਤੇ ਚੌੜੀਆਂ ਸੜਕਾਂ ਦੇ ਮੱਦੇਨਜ਼ਰ ਦਰਖਤਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ ਜਿਸ ਕਰਕੇ ਕੁਦਰਤ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ । ਸੋ ਇਸ ਵਿਗੜਦੇ ਹੋਏ ਸੰਤੁਲਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੁਝ ਨਾ ਕੁਝ ਬਚਾ ਸਕੀਏ । ਇਸ ਤੋਂ ਬਾਅਦ ਜੱਜ ਸਾਹਿਬ ਨੇ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨਾਂ ਨਾਲ ਮਿਲ ਕੇ ਬੂਟੇ ਲਗਾ ਕੇ ਇਸ ਦਿਵਸ ਦੀ ਰਸਮ ਅਦਾ ਕੀਤੀ ।

ਇਸ ਦੇ ਸਬੰਧ ਵਿੱਚ ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਜੈਤੋ ਵਿਖੇ ਵੀ ਸੈਸ਼ਨਜ਼ ਜੱਜ ਫਰੀਦਕੋਟ ਦੇ ਹੁਕਮਾਂ ਅਨੁਸਾਰ ਸ਼੍ਰੀ ਸ਼ਮਿੰਦਰਪਾਲ ਸਿੰਘ, ਵਧੀਕ ਸਿਵਲ ਜੱਜ ਸੀਨੀਅਰ ਡਵੀਜਨ, ਜੈਤੋ ਨੇ ਜੈਤੋ ਵਿਖੇ ਜੁਡੀਸ਼ੀਅਲ ਅਫਸਰਾਂ ਨਾਲ ਮਿਲ ਕੇ ਕੋਰਟ ਕੰਪਲੈਕਸ, ਜੈਤੋ ਵਿਖੇ ਬੂਟੇ ਲਗਾ ਕੇ ਇਹ ਕਲਮੀਨੇਸ਼ਨ ਦਿਵਸ ਮਨਾਇਆ ।  ਇਸ ਤੋਂ ਇਲਾਵਾ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਮੁੱਖ ਦਫ਼ਤਰ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਫਰੀਦਕੋਟ ਦੇ ਸਹਿਯੋਗ ਨਾਲ ਸਕੂਲਾਂ, ਪਿੰਡਾਂ ਦੀਆਂ ਸੱਥਾਂ, ਪੰਚਾਇਤ ਘਰਾਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਹੁਣ ਤੱਕ ਲਗਭਗ 30,000 ਨਵੇਂ ਬੂਟੇ ਲਗਾਏ ਗਏ ਅਤੇ ਇਸ ਤੋਂ ਬਾਅਦ ਜੱਜ ਸਾਹਿਬ ਨੇ ਇੱਥੇ ਹਾਜ਼ਰ ਹੋਏ ਸਾਰੇ ਅਫਸਰ ਸਾਹਿਬਾਨਾਂ, ਲੀਗਲ ਏਡ ਡਿਫੈਂਸ ਕਾਊਂਸਲ, ਵਕੀਲ ਸਾਹਿਬਾਨਾਂ ਅਤੇ ਜੁਡੀਸ਼ਅਲ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਹਰ ਇਕ ਮਨੁੱਖ ਲਗਾਵੇ ਰੁੱਖ, ਨਾ ਰਹੇ ਬਿਮਾਰੀ ਨਾ ਰਹੇ ਦੁੱਖ

ਇਸ ਮੌਕੇ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਹ ਜੋ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਵਧੀਆ ਹੈ। ਸਾਨੂੰ ਗਰਮੀ ਤੋਂ ਬਚਾਅ ਰੱਖਣ ਲਈ ਵੱਧ ਤੋ ਵੱਧ ਆਪਣੇ ਆਲੇ ਦੁਆਲੇ ਖੁੱਲੀਆਂ ਥਾਵਾਂ ਤੇ ਬੂਟੇ ਲਾਉਣ ਦੀ ਲੋੜ ਹੈ। ਜਿਸ ਨਾਲ ਸਾਡਾ ਵਾਤਾਵਰਣ ਸਾਫ ਰਹੇਗਾ ਅਤੇ ਬਿਮਾਰੀਆਂ ਤੋ ਰਹਿਤ ਹੋ ਸਕਾਂਗੇ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਵੀ ਬਹੁਤ ਜਰੂਰੀ ਹੈ, ਤਾਂ ਹੀ ਅਸੀਂ ਦਰੱਖਤਾਂ ਦੀ ਸੰਘਣੀ ਛਾਂ, ਸਾਫ ਸੁਥਰੀ ਹਵਾ ਅਤੇ ਵਾਤਾਵਰਣ ਵਿਚ ਸ਼ੁੱਧਤਾ ਪ੍ਰਾਪਤ ਕਰ ਸਕਦੇ ਹਾਂ।

ਇਸ ਮੌਕੇ ਹੋਰ ਜੁਡੀਸ਼ੀਅਲ ਅਫਸਰ ਸਾਹਿਬਾਨ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਸ਼੍ਰੀਮਤੀ ਗੁਰਪ੍ਰੀਤ ਕੌਰ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਫਰੀਦਕੋਟ ਦੇ ਪ੍ਰਧਾਨ ਸ਼੍ਰੀ ਗੁਰਜਗਪਾਲ ਸਿੰਘ ਵੀ ਜੱਜ ਸਾਹਿਬ ਦੇ ਨਾਲ ਹਾਜ਼ਰ ਸਨ ।