ਹਿਮਾਚਲ ਪ੍ਰਦੇਸ਼ 31 July 2025 AJ DI Awaaj
Himachal Desk : ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦੇ ਬਦਲੇ ਮਿਜਾਜ ਨੇ ਹਾਹਾਕਾਰ ਮਚਾ ਦਿੱਤਾ ਹੈ। ਰਾਤ ਭਰ ਹੋਈ ਤੇਜ਼ ਬਾਰਸ਼ ਕਾਰਨ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਖਰਾਬ ਹੋ ਗਏ। ਚੰਡੀਗੜ੍ਹ-ਮਨਾਲੀ ਫੋਰ ਲੇਨ ਰਸਤੇ ‘ਤੇ ਮੰਡੀ ਦੇ ਪੰਡੋਹ ਵਿਖੇ ਰਾਤ ਨੂੰ ਰਸਤਾ ਬੰਦ ਹੋ ਗਿਆ ਸੀ, ਪਰ ਅੱਜ ਸਵੇਰੇ ਇਹ ਰਸਤਾ ਮੁੜ ਖੋਲ੍ਹ ਦਿੱਤਾ ਗਿਆ।
ਮਨਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਈ ਭਾਰੀ ਬਾਰਸ਼ ਕਾਰਨ ਬਿਆਸ ਦਰਿਆ ਦਾ ਪਾਣੀ ਪੱਧਰ ਕਾਫੀ ਵੱਧ ਗਿਆ। ਰਾਤ ਨੂੰ ਨੇਹਰੂ ਕੁੰਡ ਦੇ ਕੋਲ ਪਾਣੀ ਦੇ ਤੇਜ਼ ਬਹਾਵ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਸਥਾਨਕ ਵਿਧਾਇਕ ਅਤੇ ਅਧਿਕਾਰੀ ਰਾਤ ਨੂੰ JCB ਸਮੇਤ ਮੌਕੇ ‘ਤੇ ਪਹੁੰਚੇ ਅਤੇ ਪਾਣੀ ਦੇ ਬਹਾਅ ਨੂੰ ਪੁਲ ਦੀ ਨੀਵ ਵੱਲ ਵਧਣ ਤੋਂ ਰੋਕਿਆ।
ਅੱਜ ਸਵੇਰੇ ਮੀਂਹ ਰੁਕਣ ਤੋਂ ਬਾਅਦ ਬਿਆਸ ਦਾ ਪਾਣੀ ਪੱਧਰ ਘਟਣ ਲੱਗ ਪਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ, ਮਾਨਸੂਨ ਹਾਲੇ ਥੋੜ੍ਹਾ ਕਮਜ਼ੋਰ ਪਵੇਗਾ ਪਰ 3 ਅਗਸਤ ਤੱਕ ਕਈ ਹਿੱਸਿਆਂ ਵਿੱਚ ਹਲਕੀ ਬਾਰਸ਼ ਜਾਰੀ ਰਹੇਗੀ।
ਅੱਜ ਕਾਂਗੜਾ, ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
- 1 ਅਗਸਤ ਨੂੰ ਸ਼ਿਮਲਾ, ਸੋਲਨ ਅਤੇ ਸਿਰਮੌਰ,
- 2 ਅਗਸਤ ਨੂੰ ਊਨਾ, ਬਿਲਾਸਪੁਰ, ਸ਼ਿਮਲਾ, ਸੋਲਨ ਅਤੇ ਸਿਰਮੌਰ,
- 3 ਅਗਸਤ ਨੂੰ ਊਨਾ, ਬਿਲਾਸਪੁਰ, ਹਮੀਰਪੁਰ, ਚੰਬਾ ਅਤੇ ਸਿਰਮੌਰ ਵਿੱਚ ਯੈਲੋ ਅਲਰਟ ਰਹੇਗਾ।
ਪਿਛਲੇ ਤਿੰਨ ਦਿਨਾਂ ਦੀ ਭਾਰੀ ਬਾਰਸ਼ ਕਾਰਨ ਰਾਜ ਵਿੱਚ 289 ਸੜਕਾਂ ਅਤੇ 346 ਬਿਜਲੀ ਟ੍ਰਾਂਸਫਾਰਮਰ ਬੰਦ ਹੋ ਚੁੱਕੇ ਹਨ। ਮਾਨਸੂਨ ਦੇ ਥੋੜ੍ਹਾ ਕਮਜ਼ੋਰ ਹੋਣ ਨਾਲ, ਅੱਜ ਤੋਂ ਰਾਹਤ ਅਤੇ ਬਹਾਲੀ ਦੇ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
