ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਦੀ ਕਾਰਜਕਾਰਨੀ ਦੀ ਅਹਿਮ ਮੀਟਿੰਗ

31

ਬਰਨਾਲਾ, 29 ਜੁਲਾਈ 2025 AJ DI Awaaj
Punjab Desk :  ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਦੀ ਕਾਰਜਕਾਰਨੀ ਦੀ ਅਹਿਮ ਮੀਟਿੰਗ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਦੀ ਕਾਰਜਕਾਰਨੀ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ ਏ ਐੱਸ ਦੀ ਅਗਵਾਈ ਹੇਠ ਹੋਈ।
ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਕਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਇਸ ਏਜੰਡੇ ਵਿੱਚ ਰੈੱਡ ਕ੍ਰਾਸ ਸੁਸਾਇਟੀ ਦੇ ਸਾਲ 2024-2025 ਦੀ ਆਮਦਨੀ ਅਤੇ ਖਰਚਿਆਂ ਬਾਰੇ ਮੈਂਬਰਾਂ ਨੂੰ ਦੱਸਿਆ ਗਿਆ ਅਤੇ 2025-26 ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਰਾਹੀਂ ਵੱਖ ਵੱਖ ਕੋਰਸ ਜਿਵੇਂ ਸੜਕ ਸੁਰੱਖਿਆ ਬਾਰੇ, ਹਥਿਆਰਾਂ ਦੇ ਲਾਇਸੈਂਸ ਹੋਲਡਰਾਂ ਨੂੰ ਟ੍ਰੇਨਿੰਗ, ਵਿਦਿਆਰਥੀਆਂ ਨੂੰ ਮੁਢਲੀ ਸਹਾਇਤਾ ਦੀ ਟ੍ਰੇਨਿੰਗ ਆਦਿ ਤਜਵੀਜ਼ਤ ਕੋਰਸਾਂ ਬਾਰੇ ਮੈਂਬਰਾਂ ਨਾਲ ਚਰਚਾ ਕੀਤੀ ਗਈ ਅਤੇ ਰੈੱਡ ਕਰਾਸ ਦੀ ਇਮਾਰਤ ਦੇ ਉੱਪਰ ਮੰਜ਼ਿਲ ਬਣਾਉਣ ‘ਤੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਕਾਰਜਕਾਰਨੀ ਦੇ ਮੈਂਬਰ ਸ੍ਰੀ ਰਾਜ ਕੁਮਾਰ ਜਿੰਦਲ ਵਲੋਂ ਆਡਿਟ ਕਰਵਾਉਣ ਬਾਰੇ ਜਾਣਕਾਰੀ ਮੰਗੀ ਗਈ। ਸਟੈਂਡਰਡ ਕੰਬਾਈਨ ਤੋਂ ਮੈਂਬਰ ਨਛੱਤਰ ਸਿੰਘ ਵਲੋਂ ਵੱਡੇ ਪ੍ਰੋਜੈਕਟ ਲਿਆਉਣ ਦਾ ਸੁਝਾਅ ਦਿੱਤਾ ਗਿਆ। ਇਸ ‘ਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਆਉਂਦੇ ਸਮੇਂ ਸਿਹਤ ਅਤੇ ਸਿੱਖਿਆ ਆਦਿ ਖੇਤਰਾਂ ਲਈ ਵੱਡੇ ਪ੍ਰੋਜੈਕਟ ਉਲੀਕੇ ਜਾਣਗੇ ਤਾਂ ਜੋ ਸਨਅਤੀ ਆਦਾਰੇ ਸੀ ਐੱਸ ਆਰ ਵਿਚੋਂ ਯੋਗਦਾਨ ਪਾ ਸਕਣ।
ਇਸ ਮੌਕੇ ਅਵੇਤਨੀ ਸਕੱਤਰ ਸਹਿਤ ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਨੇ ਸਾਰੇ ਮੈਬਰਾਂ ਨੂੰ ਟੀ ਬੀ ਮਰੀਜ਼ਾਂ ਦੀਆਂ ਪੋਸ਼ਣ ਕਿੱਟਾਂ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਓਨ੍ਹਾਂ ਦੱਸਿਆ ਕਿ ਟ੍ਰਾਈਡੈਂਟ ਗਰੁੱਪ, ਆਈ ਓ ਐੱਲ ਵਲੋਂ ਇਸ ਉਪਰਾਲੇ ਲਈ ਯੋਗਦਾਨ ਲਾਇਆ ਗਿਆ ਹੈ ਅਤੇ ਹੋਰ ਸੰਸਥਾਵਾਂ ਵੀ ਇਸ ਨੇਕ ਕਾਰਜ ਲਈ ਅੱਗੇ ਆਉਣ।
ਇਸ ਮੌਕੇ ਸੀਨੀਅਰ ਉਪ ਪ੍ਰਧਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਐੱਸ ਡੀ ਐਮ ਹਰਪ੍ਰੀਤ ਸਿੰਘ ਅਟਵਾਲ, ਐੱਸ ਡੀ ਐਮ ਸਿਮਰਪ੍ਰੀਤ ਕੌਰ, ਮੈਂਬਰ ਸ੍ਰੀ ਲੱਖਪਤ ਰਾਏ (ਐਲ ਪੀ ਰਾਏ ਡਿਵੈਲਪਰਜ਼), ਨਛੱਤਰ ਸਿੰਘ (ਸਟੈਂਡਰਡ ਕੰਬਾਈਨ), ਸ੍ਰੀ ਰਾਜ ਕੁਮਾਰ ਜਿੰਦਲ, ਸ੍ਰੀ ਰਣਧੀਰ ਕੌਸ਼ਲ, ਡਾਕਟਰ ਕਮਲੇਸ਼ ਬਾਂਸਲ, ਡਾ. ਸਸ਼ੀ ਸ਼ੋਭਤ, ਰੁਪਿੰਦਰ ਗੁਪਤਾ ਟ੍ਰਾਈਡੈਂਟ ਅਤੇ ਆਈ ਓ ਐੱਲ ਦੇ ਨੁਮਾਇੰਦੇ ਮਨਪ੍ਰੀਤ ਸ਼ਰਮਾ, ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਰੈੱਡ ਕਰਾਸ ਦਫ਼ਤਰ ਦਾ ਸਟਾਫ਼ ਮੌਜੂਦ ਸੀ।