ਸੰਗਰੂਰ, 24 ਜੁਲਾਈ 2025 AJ DI Awaaj
Punjab Desk – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਿੰਡ ਬਡਲਾ ਵਿਖੇ ਅਗਾਂਹਵਧੂ ਕਿਸਾਨ ਸ. ਜਗਦੇਵ ਸਿੰਘ ਦੇ ਖੇਤ ਵਿੱਚ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਪ੍ਰਦਰਸ਼ਨੀ ਦੀ ਪੁਟਾਈ ਮੌਕੇ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 25 ਕਿਸਾਨ ਵੀਰਾਂ ਅਤੇ ਬੀਬੀਆਂ ਦੇ ਭਾਗ ਲਿਆ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਖੇਤੀ ਮਾਹਿਰਾਂ ਡਾ ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਅਤੇ ਡਾ ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਫ਼ਸਲ (ਵਿਗਿਆਨ) ਨੇ ਕਿਸਾਨ ਵੀਰਾਂ ਨੂੰ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਸਫਲ ਕਾਸ਼ਤ ਸਬੰਧੀ ਵਿਗਿਆਨਕ ਸਿਫਾਰਿਸ਼ਾਂ ਬਾਰੇ ਜਾਣਕਾਰੀ ਦਿੱਤੀ। ਮਾਹਿਰਾਂ ਅਤੇ ਕਿਸਾਨਾਂ ਵੱਲੋਂ ਮੌਕੇ ਤੇ ਫ਼ਸਲ ਦੇ ਝਾੜ ਦਾ ਅਨੁਮਾਨ ਲਗਾਇਆ ਗਿਆ ਜੋ ਕਿ 10 ਤੋਂ 12 ਕੁਇੰਟਲ ਪ੍ਰਤੀ ਏਕੜ ਦੇ ਵਿਚਕਾਰ ਰਹਿਣ ਦੀ ਉਮੀਦ ਹੈ ।
ਕਿਸਾਨ ਸ. ਜਗਦੇਵ ਸਿੰਘ ਨੇ ਦੱਸਿਆ ਕਿ ਪੀਏਯੂ ਦੀਆਂ ਸਿਫਾਰਸ਼ਾਂ ਅਨੁਸਾਰ ਸਮੇਂ ਸਿਰ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਬਿਜਾਈ ਅਤੇ ਇਸ ਦੀ ਪੁਟਾਈ ਤੱਕ ਯੋਗ ਪ੍ਰਬੰਧਨ ਕਰਕੇ ਮੂੰਗਫ਼ਲੀ ਦੀ ਫ਼ਸਲ ਤੋਂ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਤਰ੍ਹਾਂ ਬਹਾਰ ਰੁੱਤ ਦੀ ਮੱਕੀ ਦੇ ਮੁਕਾਬਲੇ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਕਾਸ਼ਤ ਬਹੁਤ ਘੱਟ ਪਾਣੀ ਦੀ ਵਰਤੋਂ ਕਰਕੇ ਉਸ ਦੇ ਬਰਾਬਰ ਹੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ । ਮੌਕੇ ਤੇ ਮੌਜ਼ੂਦ ਬਾਕੀ ਕਿਸਾਨ ਵੀ ਇਸ ਤੋਂ ਕਾਫ਼ੀ ਉਤਸ਼ਹਿਤ ਦਿਖਾਈ ਦਿੱਤੇ ਅਤੇ ਅਗਲੇ ਸਾਲ ਆਲੂਆਂ ਦੀ ਫ਼ਸਲ ਤੋਂ ਬਾਅਦ ਬਹਾਰ ਰੁੱਤ ਦੀ ਮੱਕੀ ਦੀ ਬਜਾਏ ਮੂੰਗਫ਼ਲੀ ਦੀ ਕਾਸ਼ਤ ਕਰਨ ਦੀ ਇੱਛਾ ਪ੍ਰਗਟ ਕੀਤੀ। ਮਾਹਿਰਾਂ ਦੀ ਟੀਮ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਮਧਰੇ ਰੋਗ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਰੋਗ ਦੇ ਹਮਲੇ ਦੀ ਸੂਰਤ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਇਸ ਦੀ ਰੋਕਥਾਮ ਸੰਬੰਧੀ ਦੱਸਿਆ ਗਿਆ।














