ਕਪੂਰਥਲਾ 18 July 2025 AJ DI Awaaj
Punjab Desk : ਜ਼ਿਲ੍ਹੇ ਦੇ ਪਿੰਡ ਬਾਜ਼ ਦੇ ਨੌਜਵਾਨ ਬਲਵਿੰਦਰ ਸਿੰਘ ਨੇ ਅਮਰੀਕਾ ਜਾਣ ਦੀ ਆਸ ਵਿੱਚ ਜੁਲਾਈ 2024 ਵਿੱਚ ਘਰ ਛੱਡਿਆ ਸੀ, ਪਰ ਟ੍ਰੈਵਲ ਏਜੰਟਾਂ ਵੱਲੋਂ ਉਸਨੂੰ ਠੱ*ਗੀ ਦਾ ਸ਼ਿਕਾਰ ਬਣਾਉਂਦਿਆਂ ਕੋਲੰਬੀਆ ਦੇ ਡੌਕਰਾਂ ਹਵਾਲੇ ਕਰ ਦਿੱਤਾ ਗਿਆ। ਉੱਥੇ ਉਸ ਨਾਲ ਹੋਰ ਚਾਰ ਸਾਥੀਆਂ ਨੂੰ ਵੀ ਬੰਧਕ ਬਣਾਕੇ ਰੱਖਿਆ ਗਿਆ। ਪੰਜ ਮਹੀਨੇ ਤੱਕ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਕੈਦ ਕਰਕੇ ਉਤਪੀ*ੜਨ ਕੀਤਾ ਗਿਆ—ਲੋਹੇ ਦੀਆਂ ਗਰਮ ਰਾਡਾਂ ਨਾਲ ਸਾ*ੜਿਆ ਗਿਆ, ਪਲਾਸਟਿਕ ਪਿਘਲਾ ਕੇ ਸਰੀਰ ‘ਤੇ ਡਾਲਿਆ ਗਿਆ ਅਤੇ ਬਲੇਡ ਨਾਲ ਕੱਟਿ*ਆ ਗਿਆ।
ਡੌਕਰ ਇਹ ਤਸੀਹੀਆਂ ਵਿਡੀਓਜ਼ ਰਾਹੀਂ ਪਰਿਵਾਰ ਨੂੰ ਭੇਜ ਕੇ ਹੋਰ ਪੈਸੇ ਮੰਗਦੇ ਸਨ। ਬਲਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਘਾਹ, ਲੱਕੜਾਂ ਤੇ ਬਰਸਾਤ ਦਾ ਪਾਣੀ ਪੀ ਕੇ ਜਿੰਦ ਬਚਾਈ। ਇਕ ਰਾਤ ਉਹ ਕਿਸੇ ਤਰੀਕੇ ਨਾਲ ਡੌਕਰਾਂ ਦੀ ਕੈਦ ਤੋਂ ਭੱਜਣ ਵਿੱਚ ਕਾਮਯਾਬ ਹੋਇਆ। ਉਸਦੇ ਪਰਿਵਾਰ ਨੇ ਤੁਰੰਤ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ, ਜੋ ਉਸ ਸਮੇਂ ਕਨੇਡਾ ਵਿੱਚ ਸਨ।
ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੀ ਸਿਫਾਰਸ਼ ਤੇ ਬਲਵਿੰਦਰ ਲਈ ਵਾਈਟ ਪਾਸਪੋਰਟ ਜਾਰੀ ਕਰਕੇ ਕੇਵਲ 13 ਦਿਨਾਂ ਵਿੱਚ ਵਾਪਸੀ ਯਕੀਨੀ ਬਣਾਈ ਗਈ।
ਵਾਪਸ ਆ ਕੇ ਬਲਵਿੰਦਰ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਕਾਰਨ ਹੀ ਉਹ ਮੌ*ਤ ਦੇ ਮੂੰਹੋਂ ਬਚ ਕੇ ਘਰ ਪਰਤਿਆ। ਸੰਤ ਸੀਚੇਵਾਲ ਨੇ ਨੌਜਵਾਨਾਂ ਨੂੰ ਸੁਝਾਅ ਦਿੱਤਾ ਕਿ ਜੋਖਮ ਭਰੇ ਰਸਤੇ ਰਾਹੀਂ ਵਿਦੇਸ਼ ਜਾਣ ਦੀ ਬਜਾਏ ਇਥੇ ਹੀ ਰੁਜ਼ਗਾਰ ਦੇ ਮੌਕੇ ਲੱਭਣ ਅਤੇ ਜਾਇਜ਼ ਤਰੀਕਿਆਂ ਨਾਲ ਹੀ ਬਾਹਰ ਜਾਣ ਦੀ ਕੋਸ਼ਿਸ਼ ਕਰਣ।
ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਟ੍ਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਨੌਜਵਾਨ ਨੂੰ ਅਜੇਹੀ ਨਰਕ ਜਿਹੀ ਜ਼ਿੰਦਗੀ ਨਾਂ ਜੀਂਦਣੀ ਪਏ।














