ਖੁਰਾਕ ਸੁਰੱਖਿਆ ਵਿੰਗ ਵੱਲੋਂ ਆਂਗਣਵਾਡ਼ੀ ਕੇਂਦਰਾਂ ਤੇ ਡੇਅਰੀਆਂ ਦੀ ਜਾਂਚ, 9 ਸੈਂਪਲ ਖਰੜ ਲੈਬ ਭੇਜੇ

34

ਤਰਨ ਤਾਰਨ, 15 ਜੁਲਾਈ 2025 AJ DI Awaaj

Punjab Desk : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਤੇ ਕਮਿਸ਼ਨਰ, ਖੁਰਾਕ ਸੁਰੱਖਿਆ, ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਜ਼ਿਲਾ ਸਿਹਤ ਅਫਸਰ ਡਾ ਸੁਖਬੀਰ ਕੌਰ ਔਲਖ ਦੀ ਅਗਵਾਈ ਵਾਲੀ  ਖੁਰਾਕ ਸੁਰੱਖਿਆ ਵਿੰਗ ਦੀ ਟੀਮ ਵੱਲੋ ਮੰਗਲਵਾਰ ਨੂੰ ਜ਼ਿਲੇ ਦੇ ਪਿੰਡ ਲਾਹੁਕਾ, ਕੈਰੋਂ, ਪੱਟੀ ਅਤੇ ਵਲਟੋਹਾ ਵਿਖ਼ੇ ਡੇਅਰੀਆਂ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਵਿੱਚ ਰਹੀਆਂ ਕੰਟੀਨਾ ਦਾ ਨਿਰੀਖਣ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲੇ ਦੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਦੇ ਖੁਰਾਕ ਸੁਰੱਖਿਆ ਵਿੰਗ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ, ਢਾਬਿਆਂ, ਰੈਸਟੋਰੈਂਟਾਂ, ਡੇਅਰੀਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸੇ ਲੜੀ ਤਹਿਤ ਵਿੰਗ ਵੱਲੋਂ ਆਂਗਣਵਾੜੀ ਕੇਂਦਰਾਂ,  ਡੇਅਰੀਆਂ, ਰੇਹੜੀਆਂ ਅਤੇ ਵਿੱਦਿਅਕ ਸੰਸਥਾਵਾਂ ਵਿਖੇ ਚੱਲ ਰਹੀਆਂ ਕੰਟੀਨਾ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਦੁਕਾਨਦਾਰ ਜਾਂ ਫਿਰ ਡੇਅਰੀ ਮਾਲਕ ਘੱਟੀਆ ਪੱਧਰ ਦਾ ਸਮਾਨ ਵੇਚਦੇ ਪਾਇਆ ਜਾਵੇਗਾ, ਜਾਂ ਫਿਰ ਕੰਟੀਨਾ ਵਿੱਚ ਮਾੜੇ ਪੱਧਰ ਦਾ ਸਮਾਨ ਵਿਕਦਾ ਪਾਇਆ ਗਿਆ, ਤਾਂ ਉਸ ਵਿਰੁੱਧ ਢੁਕਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵੱਲੋਂ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਜ਼ਿਲੇ ਦੇ ਪਿੰਡ ਲਾਹੁਕਾ, ਕੈਰੋਂ, ਪੱਟੀ ਅਤੇ ਵਲਟੋਹਾ ਵਿਖੇ ਡੇਅਰੀਆਂ, ਰੇਹੜੀਆਂ ਅਤੇ ਕੰਟੀਨਾ ਦੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵੱਲੋਂ ਦੁੱਧ, ਦਹੀਂ, ਪਕੌੜਿਆ ਅਤੇ ਆਟੇ ਦੇ 5 ਸੈਂਪਲ ਅਗਲੇਰੀ ਜਾਂਚ ਲਈ ਖਰੜ ਲੈਬੋਰਟਰੀ ਵਿਖੇ ਭੇਜੇ ਗਏ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਆਂਗਣਵਾੜੀ ਕੇਂਦਰਾਂ ਵਿਖ਼ੇ ਵੰਡੇ ਜਾਣ ਵਾਲੇ ਸਮਾਨ ਦੇ 4 ਸੈਂਪਲ ਵੀ ਅਗਲੇਰੀ ਜਾਂਚ ਲਈ ਭੇਜੇ ਗਏ ਹਨ। ਜ਼ਿਲਾ ਸਿਹਤ ਅਫਸਰ ਡਾ ਸੁਖਬੀਰ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਖੁਰਾਕ ਸੁਰੱਖਿਆ ਵਿੰਗ ਦੀ ਟੀਮ ਵੱਲੋਂ ਇੱਕ ਡੇਅਰੀ ਮਾਲਕ ਨੂੰ ਸੁਧਾਰ ਨੋਟਿਸ ਜਾਰੀ ਕਰਦਿਆਂ ਸਾਫ ਸਫਾਈ ਦੇ ਸਾਰੇ ਮਾਪਦੰਡਾ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ।

ਡਾ. ਸੁਖਬੀਰ ਕੌਰ ਨੇ ਕਿਹਾ ਕਿ ਮੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਡੇਅਰੀ ਮਾਲਕਾਂ ਅਤੇ ਕੰਟੀਨ ਠੇਕੇਦਾਰਾਂ ਨੂੰ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਕੰਮ ਕਾਜ ਵਾਲੇ ਸਥਾਨ ਤੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਤਾਂ ਜੋ ਮੱਖੀ ਮੱਛਰ ਦੇ ਪੈਦਾ ਹੋਣ ਦਾ ਖਦਸਾ ਨਾ ਬਣੇ। ਇਸ ਮੌਕੇ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਵੀ ਮੌਜੂਦ ਰਹੇ।