ਨੂਹ (ਹਰਿਆਣਾ) 14 July 2025 Aj Di Awaaj
Haryana Desk : ਬ੍ਰਜ ਮੰਡਲ ਜਲਭਿਸ਼ੇਕ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਤਹਿਤ ਕਈ ਵੱਡੇ ਕਦਮ ਚੁੱਕੇ ਗਏ ਹਨ। ਸਰਕਾਰ ਨੇ ਐਤਵਾਰ ਰਾਤ 9 ਵਜੇ ਤੋਂ ਇੰਟਰਨੈੱਟ ਅਤੇ ਬਲਕ ਐਸਐਮਐਸ ਸੇਵਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਜੋ ਸੋਮਵਾਰ ਰਾਤ 9 ਵਜੇ ਤੱਕ ਲਾਗੂ ਰਹੇਗੀ।
ਇਹ ਪਾਬੰਦੀਆਂ 2023 ਵਿਚ ਹੋਈ ਫਿਰਕੂ ਹਿੰਸਾ ਦੀ ਪਿਛੋਕੜ ‘ਚ ਲਾਈਆਂ ਗਈਆਂ ਹਨ, ਜਦੋਂ ਯਾਤਰਾ ਦੌਰਾਨ ਦੋ ਲੋਕ ਮਾਰੇ ਗਏ ਸਨ ਅਤੇ ਕਈ ਪੁਲਿਸ ਕਰਮੀ ਜ਼ਖ਼ਮੀ ਹੋਏ ਸਨ। ਹਾਲਾਤ ਬੇਕਾਬੂ ਨਾ ਹੋਣ, ਅਫਵਾਹਾਂ ਤੇ ਗਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਵਟਸਐਪ, ਫੇਸਬੁੱਕ, ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਐਸਐਮਐਸ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਹੈ। ਹਾਲਾਂਕਿ, ਬੈਂਕਿੰਗ ਅਤੇ ਮੋਬਾਈਲ ਰੀਚਾਰਜ ਸੇਵਾਵਾਂ ਜਾਰੀ ਰਹਿਣਗੀਆਂ।
ਇਸਦੇ ਨਾਲ ਹੀ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲ-ਕਾਲਜ ਵੀ ਸੋਮਵਾਰ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਲਈ ਇਲਾਕੇ ਵਿੱਚ ਲਗਭਗ 2,500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ‘ਚ ਵਧੀਕ ਨਿਗਰਾਨੀ ਰੱਖੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਟੀਮਾਂ ਵੀ ਬਣਾਈਆਂ ਗਈਆਂ ਹਨ।
ਪ੍ਰਸ਼ਾਸਨ ਨੇ ਯਾਤਰਾ ਰੂਟ ‘ਤੇ ਮਾਸ ਦੀ ਵਿਕਰੀ ‘ਤੇ ਵੀ ਰੋਕ ਲਗਾ ਦਿੱਤੀ ਹੈ। ਸਾਰੀਆਂ ਮੀਟ ਦੁਕਾਨਾਂ ਨੂੰ 24 ਜੁਲਾਈ ਤੱਕ ਬੰਦ ਰੱਖਣ ਦੇ ਹੁਕਮ ਹਨ। ਇਨ੍ਹਾਂ ਤੋਂ ਇਲਾਵਾ ਪੈਟਰੋਲ ਪੰਪਾਂ ‘ਤੇ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹੇ ਡੱਬਿਆਂ ਵਿੱਚ ਪੈਟਰੋਲ ਜਾਂ ਡੀਜ਼ਲ ਵੇਚਣ ਉੱਤੇ ਵੀ ਰੋਕ ਲਾਈ ਗਈ ਹੈ।
ਪੁਲਿਸ ਦੀ ਚੇਤਾਵਨੀ
ਨੂਹ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਫਵਾਹ ਉੱਤੇ ਧਿਆਨ ਨਾ ਦਿਓ ਅਤੇ ਗਲਤ ਜਾਣਕਾਰੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
