ਮਲੇਰਕੋਟਲਾ:12 July 2025 Aj DI Awaaj
Punjab Desk : ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਇੱਕ ਮਨ ਨੂੰ ਛੂਹਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਕਿਸਾਨ ਆਪਣੇ ਕੈਂਸਰ ਪੀੜਤ ਬਲਦ ਦੀ ਇਨਸਾਨੀਅਤ ਅਤੇ ਮਮਤਾ ਨਾਲ ਸੰਭਾਲ ਕਰ ਰਿਹਾ ਹੈ। ਇਹ ਬਲਦ, ਜਿਸਨੂੰ ਪਰਿਵਾਰ “ਬਾਪੂ” ਕਹਿੰਦਾ ਹੈ, ਲੰਬੇ ਸਮੇਂ ਤੋਂ ਖੇਤੀਬਾੜੀ ਵਿੱਚ ਉਨ੍ਹਾਂ ਦੀ ਮਦਦ ਕਰਦਾ ਆ ਰਿਹਾ ਹੈ।
ਕਿਸਾਨ ਕੁਲਵਿੰਦਰ ਸਿੰਘ ਨੇ 13 ਸਾਲ ਪਹਿਲਾਂ ਇਸ ਬਲਦ ਨੂੰ ਘਰ ਲਿਆ ਸੀ। ਤਦੋਂ ਤੋਂ ਇਹ ਬਲਦ ਪਰਿਵਾਰ ਦੀ ਖੇਤੀ ਦੇ ਹਰ ਕੰਮ ਵਿੱਚ ਹਿੱਸਾ ਲੈਂਦਾ ਆਇਆ ਹੈ। ਹੁਣ ਜਦੋਂ ਇਹ ਕੈਂਸਰ ਦੀ ਲਾਇਲਾਜ ਬੀਮਾਰੀ ਨਾਲ ਪੀੜਤ ਹੈ, ਪਰਿਵਾਰ ਨੇ ਇਸਨੂੰ ਇੱਕ ਵਫ਼ਾਦਾਰ ਸਾਥੀ ਦੀ ਤਰ੍ਹਾਂ ਮੰਨਦੇ ਹੋਏ ਪੂਰੀ ਤਨਮੱਨਤਾ ਨਾਲ ਸੇਵਾ ਸ਼ੁਰੂ ਕਰ ਦਿੱਤੀ ਹੈ।
ਕੁਲਵਿੰਦਰ ਸਿੰਘ ਨੇ ਕਿਹਾ, “ਇਹ ਸਿਰਫ ਇੱਕ ਪਸ਼ੂ ਨਹੀਂ, ਸਾਡੇ ਘਰ ਦਾ ਮੈਂਬਰ ਹੈ।” ਉਨ੍ਹਾਂ ਦੱਸਿਆ ਕਿ ਬਹੁਤ ਵਾਰ ਕਿਸਾਨ ਯੂਨੀਵਰਸਿਟੀ ਅਤੇ ਤਜਰਬੇਕਾਰ ਵੈਟਰਨਰੀ ਡਾਕਟਰਾਂ ਨਾਲ ਸੰਪਰਕ ਕੀਤਾ ਗਿਆ, ਪਰ ਕੋਈ ਢੁੱਕਵਾਂ ਇਲਾਜ ਨਹੀਂ ਮਿਲਿਆ।
ਕੁਝ ਲੋਕਾਂ ਵੱਲੋਂ ਜ਼ਹਿਰੀਲਾ ਟੀਕਾ ਲਗਵਾ ਕੇ ਬਲਦ ਨੂੰ ਛੁਟਕਾਰਾ ਦੇਣ ਦੀ ਸਲਾਹ ਵੀ ਦਿੱਤੀ ਗਈ, ਪਰ ਪਰਿਵਾਰ ਨੇ ਇਸ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਦਿਨਾਂ ਵੀ ਇਹ ਜੀਵੇ, ਅਸੀਂ ਇਸ ਦੀ ਇੱਜ਼ਤ ਨਾਲ ਸੇਵਾ ਕਰਾਂਗੇ।
ਇਹ ਮਾਮਲਾ ਸਿਰਫ਼ ਪਸ਼ੂ-ਪਾਲਣ ਦੀ ਨਹੀਂ, ਬਲਕਿ ਇਨਸਾਨੀਅਤ, ਵਫ਼ਾਦਾਰੀ ਅਤੇ ਸੰਵੇਦਨਸ਼ੀਲਤਾ ਦੀ ਇੱਕ ਗਹਿਰੀ ਮਿਸਾਲ ਹੈ।
