ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਨੂੰ ਅਗਾਮੀ ਚੋਣ ਸਬੰਧੀ ਦਿੱਤੀ ਜਾ ਰਹੀ ਹੈ ਵਿਸ਼ੇਸ਼ ਟ੍ਰੇਨਿੰਗ

35

ਮਾਲੇਰਕੋਟਲਾ, 4 ਜੁਲਾਈ 2025 AJ Di Awaaj

Punjab Desk : ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਨੂੰ ਸਚਾਰੂ ਤਰੀਕੇ ਨਾਲ ਚਲਾਉਣ ਲਈ  ਭਾਰਤੀ ਚੋਣ ਕਮਿਸ਼ਨ ਦੇ ਦਿਸਾ -ਨਿਰਦੇਸ਼ਾਂ ਅਤੇ ਜਿਲ੍ਹਾ ਚੋਣ ਅਫਸਰ ਚੋਣਕਾਰ ਰਜਿਸਟਰੇਸ਼ਨ ਅਫ਼ਸਰ – ਕਮ – ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓਜ਼) ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ 10 ਜੁਲਾਈ ਤੱਕ ਚੱਲੇਗੀ । ਵਿਸ਼ੇਸ ਟ੍ਰੇਨਿੰਗ ਦੌਰਾਨ ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਅਤੇ ਵਿਧਾਨ ਸਭਾ ਹਲਕਾ 106 ਅਮਰਗੜ੍ਹ ਦੇ ਜ਼ਿਲ੍ਹੇ ਦੇ ਕੁੱਲ 400 ਬੀ.ਐਲ.ਓਜ਼ ਨੂੰ ਵੋਟਰ ਸੂਚੀ ਦੀ ਸੁਧਾਈ, ਚੋਣ ਕਾਰਜਾਂ ਦੀਆਂ ਨਵੀਂਆਂ ਹਦਾਇਤਾਂ ਅਤੇ ਚੋਣ ਪ੍ਰਕਿਰਿਆ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

          ਵਿਧਾਨ ਸਭਾ ਹਲਕਾ 106 ਅਮਰਗੜ੍ਹ ਦੇ ਬੀ. ਐਲ. ਓਜ. ਦੀ ਤਿੰਨ ਦਿਨਾਂ ਟ੍ਰੇਨਿੰਗ ਦੌਰਾਨ ਚੋਣਕਾਰ ਰਜਿਸਟਰੇਸ਼ਨ ਅਫ਼ਸਰ, 106 ਅਮਰਗੜ੍ਹ- ਕਮ – ਉਪ ਮੰਡਲ ਮੈਜਿਸਟਰੇਟ, ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਨੇ ਦੱਸਿਆ ਕਿ ਟ੍ਰੇਨਿੰਗ ਦਾ ਮਕਸਦ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਵਿਘਨ ਅਤੇ ਨਿਯਮਤ ਬਣਾਉਣਾ ਹੈ, ਜਿਸ ਲਈ ਬੀ.ਐਲ.ਓਜ਼ ਦੀ ਭੂਮਿਕਾ ਅਤਿ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਟ੍ਰੇਨਿੰਗ ਉਪਰੰਤ ਬੀ.ਐਲ.ਓਜ਼ ਦਾ ਚੋਣ ਕਾਰਜਾਂ ਅਤੇ ਨਵੀਂਆਂ ਹਦਾਇਤਾਂ ਆਦਿ ਸਬੰਧੀ ਲਿਖਤੀ ਟੈਸਟ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 106 ਵਿਧਾਨ ਸਭਾ ਹਲਕਾ ਅਮਰਗੜ੍ਹ ਨਾਲ ਸੰਬੰਧਤ ਬਾਕੀ ਰਹਿੰਦੇ ਬੀ.ਐਲ.ਓਜ਼ ਦੀ ਟ੍ਰੇਨਿੰਗ 07 ਜੁਲਾਈ ਨੂੰ ਸਰਕਾਰੀ ਕਾਲਜ ਅਮਰਗੜ੍ਹ ਦੇ ਕਾਨਫਰੰਸ ਹਾਲ ਵਿਖੇ ਹੋਵੇਗੀ ।ਇਸ ਮੌਕੇ ਮਾਸਟਰ ਟ੍ਰੇਨਰ ਨੇ ਬੀ.ਐਲ.ਓਜ਼ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ, ਡਿਜੀਟਲ ਉਪਕਰਣਾਂ ਦੀ ਵਰਤੋਂ,ਵੋਟਰ ਸੂਚੀ ਵਿੱਚ ਸੁਧਾਰ ਲਿਆਉਣ ਦੀ ਯੋਜਨਾ,ਚੋਣ ਰਜਿਸਟਰੇਸ਼ਨ, ਨਵੇਂ ਪੋਰਟਲ, ਫਾਰਮਾਂ ਦੀ ਭਰਨ ਪ੍ਰਕਿਰਿਆ ਅਤੇ ਸਮੇਂ-ਸਿਰ ਅਪਡੇਟ ਕਰਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਟ੍ਰੇਨਿੰਗ ਤੋਂ ਬਾਅਦ ਸਾਰੇ ਬੀ.ਐਲ.ਓਜ਼ ਦਾ ਪੇਪਰ ਲੈ ਕੇ ਉਨ੍ਹਾਂ ਦੀ ਸਮਝ ਅਤੇ ਤਿਆਰੀ ਦੀ ਪਰਖ ਕੀਤੀ ਗਈ। ਜਿਕਰਯੋਗ ਹੈ ਕਿ 106 ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ 201 ਬੀ.ਐਲ.ਓਜ਼ ਦੀ ਟ੍ਰੇਨਿੰਗ 08 ਜੁਲਾਈ ਤੋਂ 10 ਜੁਲਾਈ ਤੱਕ ਸਥਾਨਕ ਪੰਜਾਬ ਉਰਦੂ ਅਕਾਦਮੀ ਵਿਖੇ ਕਰਵਾਈ ਜਾਵੇਗੀ ।

            ਜਿਲ੍ਹਾ ਚੋਣ ਅਫਸਰ ਵੱਲੋਂ ਸਮੂਹ ਬੀ.ਐਲ.ਓਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਟ੍ਰੇਨਿੰਗ ਨੂੰ ਪੂਰੀ ਤਨਦੇਹੀ,ਇਮਾਨਦਾਰੀ ਅਤੇ ਲਗਨ ਨਾਲ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਅਗਾਮੀ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਹੋਵੇ ਅਤੇ ਹਰੇਕ ਯੋਗ ਨਾਗਰਿਕ ਦਾ ਨਾਮ ਵੋਟਰ ਲਿਸਟ ਵਿੱਚ ਦਰਜ ਹੋ ਸਕੇ।