ਮਾਲੇਰਕੋਟਲਾ, 2 ਜੁਲਾਈ 2025 Aj DI Awaaj
Punjab Desk : ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਜ਼ਮੀਨੀ ਪੱਧਰ ‘ਤੇ ਜੁੜਨ ਅਤੇ ਉਨ੍ਹਾਂ ਦੇ ਸੁਝਾਵਾਂ ਅਤੇ ਸਮੱਸਿਆਵਾਂ ਨੂੰ ਸਿੱਧਾ ਪਾਰਟੀ ਹਾਈਕਮਾਨਡ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ “ਫੀਡਬੈਕ ਫਾਰਮ ਮੁਹਿੰਮ” ਹਲਕਾ ਮਾਲੇਰਕੋਟਲਾ ਵਿਖੇ ਬੜੀ ਤੇਜ ਰਫ਼ਤਾਰ ਨਾਲ ਚੱਲ ਰਹੀ ਹੈ ।
ਇਸ ਮੁਹਿੰਮ ਅਧੀਨ ਹਲਕੇ ਦੇ ਹਰ ਪਿੰਡ ਵਿਚ ਪਾਰਟੀ ਵਰਕਰਾਂ ਦੀ ਟੀਮ ਬਣਾਈ ਗਈ ਹੈ ਜੋ ਘਰ-ਘਰ ਜਾ ਕੇ ਸੰਪਰਕ ਕਰ ਰਹੀ ਹੈ। ਹਲਕਾ ਸੰਗਠਨ ਇੰਚਾਰਜ ਸਹਿਬਾਜ ਰਾਣਾ ਅਤੇ ਪਾਰਟੀ ਵਰਕਰ ਪਿੰਡ-ਪਿੰਡ, ਗਲੀ-ਗਲੀ ਜਾ ਕੇ ਲੋਕਾਂ ਕੋਲੋਂ ਫੀਡਬੈਕ ਫਾਰਮ ਭਰਵਾ ਰਹੇ ਹਨ। ਜਿਸ ਦਾ ਮਕਸਦ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਦੀ ਰਾਏ ਜਾਣਨਾ ਹੈ ਤਾਂ ਜੋ ਭਵਿੱਖ ਵਿੱਚ ਲੋਕ ਪੱਖੀ ਨੀਤੀਆਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਜਵਾਨ, ਵੱਡੇ-ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਵੱਲੋਂ ਪਾਰਟੀ ਦੇ ਇਸ ਜਨ ਸੰਪਰਕ ਯਤਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਮਾਲੇਰਕੋਟਲਾ ਹਲਕੇ ਦੇ ਪਿੰਡਾਂ ਵਿੱਚੋਂ ਹੁਣ ਤੱਕ ਸੈਂਕੜੇ ਫੀਡਬੈਕ ਫਾਰਮ ਭਰੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਤੱਕ ਪਾਰਟੀ ਵਰਕਰ ਪਹੁੰਚ ਰਹੇ ਹਨ, ਉਹ ਖੁਸ਼ੀ ਖੁਸ਼ੀ ਆਪਣੇ ਸੁਝਾਅ ਅਤੇ ਰਾਏ ਸਾਂਝੇ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਲੋਕ ਸੱਤਾ ਵਿੱਚ ਸਿੱਧਾ ਭਾਗੀਦਾਰ ਬਣ ਸਕਣ। ਫੀਡਬੈਕ ਫਾਰਮ ਰਾਹੀਂ ਪੂਰਾ ਵਿਸ਼ਵਾਸ ਦਿੱਤਾ ਜਾ ਰਿਹਾ ਹੈ ਕਿ ਜਿਹੜੀਆਂ ਵੀ ਜਾਇਜ਼ ਗੱਲਾਂ, ਸਮੱਸਿਆਵਾਂ ਜਾਂ ਸੁਝਾਅ ਫਾਰਮ ਰਾਹੀਂ ਮਿਲ ਰਹੇ ਹਨ, ਉਨ੍ਹਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਹੱਲ ਕੀਤਾ ਜਾਵੇਗਾ।
ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਝਿਜਕ ਤੌਰ ‘ਤੇ ਆਪਣੀ ਰਾਏ ਸਾਂਝੀ ਕਰਨ ਅਤੇ ਪਾਰਟੀ ਦੀ ਜਨਤਾ ਕੇਂਦਰਤ ਨੀਤੀਆਂ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
