ਫਰੀਦਕੋਟ 26ਜੂਨ 2025 AJ DI Awaaj
Punjab Desk : ਡਿਪਟੀ ਕਮਿਸ਼ਨਰ, ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਹਾਇਕ ਕਮਿਸ਼ਨਰ (ਜ) ਸੂਰਜ ਕੁਮਾਰ ਵੱਲੋਂ ਸਪੌਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਅਤੇ ਬਾਲ ਭਲਾਈ ਕਮੇਟੀ, ਫਰੀਦਕੋਟ ਦੀ ਰੀਵਿਊ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ, ਅਮਨਦੀਪ ਸਿੰਘ ਸੋਢੀ ਵੱਲੋਂ ਸਪੌਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ।
ਇਸ ਮੌਕੇ ਸੂਰਜ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਬੱਚਿਆ ਦੀ ਮਾਤਾ ਵਿਧਵਾ/ਤਲਾਕਸ਼ੁਦਾ ਹੈ ਜਾਂ ਬੱਚੇ ਪਰਿਵਾਰ ਵੱਲੋਂ ਤਿਆਗ ਦਿੱਤੇ ਹੋਣ। ਅਨਾਥ ਬੱਚੇ ਜਿਹੜੇ ਦੂਜੇ ਪਰਿਵਾਰਾਂ ਨਾਲ ਰਹਿ ਰਹੇ ਹੋਣ। ਜਿਨ੍ਹਾ ਬੱਚਿਆਂ ਦੇ ਮਾਤਾ – ਪਿਤਾ ਕਿਸੇ ਜਾਨਲੇਵਾ ਬਿਮਾਰੀ ਤੋਂ ਪੀੜਿਤ ਹੋਣ, ਜਿਨ੍ਹਾਂ ਬੱਚਿਆਂ ਦੇ ਮਾਤਾ–ਪਿਤਾ ਸਰੀਰਕ ਅਤੇ ਆਰਥਿਕ ਤੌਰ ਤੇ ਪਰਵਰਿਸ਼ ਕਰਨ ਤੋਂ ਅਸਮਰੱਥ ਹੋਣ ਅਤੇ ਜੇ.ਜੇ. ਐਕਟ 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇਂ ਕਿ ਬੇਘਰ, ਕੁਦਰਤੀ ਆਫਤਾਂ ਦਾ ਸ਼ਿਕਾਰ, ਬਾਲ ਮਜਦੂਰੀ, ਬਾਲ ਭਿੱਖਿਆ, ਬਾਲ ਵਿਆਹ ਤੋਂ ਪੀੜਤ, ਤਸਕਰੀ ਨਾਲ ਪ੍ਰਭਾਵਿਤ ਅਪਾਹਿਜ ਜਾਂ ਉਹ ਬੱਚੇ ਜੋ ਸੜਕ ਤੇ ਰਹਿ ਰਹੇ ਹੋਣ, ਦੁਰਵਿਵਹਾਰ ਜਾਂ ਸ਼ੋਸ਼ਣ ਦਾ ਸ਼ਿਕਾਰ, ਪੀ.ਐੱਮ. ਕੇਅਰਜ਼ ਫਾਰ ਚਿਲਡਰਨ ਸਕੀਮ ਅਧੀਨ ਕਵਰ ਕੀਤੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਲਈ ਆਮਦਨ 96 ਹਜਾਰ ਰੁਪਏ ਸਲਾਨਾ ਅਤੇ ਪੇਂਡੂ ਖੇਤਰ ਦੇ ਲਈ 72 ਹਜਾਰ ਰੁਪਏ ਸਲਾਨਾ ਆਮਦਨ ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ 4 ਹਜਾਰ ਰੁਪਏ ਪ੍ਰਤੀ ਮਹੀਨਾ ਰਾਸ਼ੀ ਦਿੱਤੀ ਜਾਂਦੀ ਹੈ।ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ 104 ਨਵੇਂ ਕੇਸ ਪ੍ਰਾਪਤ ਹੋਏ ਹਨ। ਇਸ ਉਪਰੰਤ ਸਮੂਹ ਕਮੇਟੀ ਵੱਲੋਂ ਨਵੇਂ ਆਏ 104 ਕੇਸਾਂ ਨੂੰ ਵਿਚਾਰਿਆ ਗਿਆ ਅਤੇ ਪਹਿਲਾ ਤੋਂ ਚੱਲੇ ਆ ਰਹੇ 244 ਕੇਸਾਂ ਦਾ ਵੀ ਰਿਵਿਊ ਕੀਤਾ ਗਿਆ।
ਇਸ ਤੋਂ ਇਲਾਵਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਵੱਲੋਂ ਬਾਲ ਭਲਾਈ ਕਮੇਟੀ, ਫਰੀਦਕੋਟ ਵੱਲੋਂ 0 ਤੋ 18 ਸਾਲ ਤੱਕ ਦੇ ਲਵਾਰਿਸ, ਗੁੰਮਸ਼ੁਦਾ, ਅਡਾਪਸ਼ਨ ਕੇਸਾਂ ਸਬੰਧੀ, ਬਾਲ ਭਿਖਿਆ, ਬਾਲ ਮਜਦੂਰੀ, ਬਾਲ ਵਿਆਹ ਅਤੇ ਬਾਲ ਸੋਸ਼ਣ ਦਾ ਸ਼ਿਕਾਰ ਆਦਿ ਬੱਚਿਆਂ ਦੀ ਸੁਰੱਖਿਆ ਸਬੰਧੀ ਆਏ ਕੇਸਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਉਪਰੰਤ ਉਹਨਾਂ ਵੱਲੋਂ ਬਾਲ ਵਿਆਹ ਸਬੰਧੀ ਆਏ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਉਹਨਾਂ ਤੇ ਵਿਚਾਰ ਵਟਾਦਰਾ ਕੀਤਾ ਗਿਆ।
ਇਸ ਮੌਕੇ ਮੈਂਬਰ ਬਾਲ ਭਲਾਈ ਕਮੇਟੀ ਸਰਬਜੀਤ ਸਿੰਘ ਬਰਾੜ ਅਤੇ ਤਜਿੰਦਰਪਾਲ ਕੌਰ, ਡੀ.ਐਸ. ਪੀ ਰਾਜਨ ਪਾਲ, ਪ੍ਰਧਾਨ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਸਮਿਤੀ ਦੀਪਕ ਸ਼ਰਮਾ, ਸੁਪਰਡੈਂਟ ਅਬਜਰਵੇਸ਼ਨ ਹੋਮ ਕੰਵਲਜੀਤ ਸਿੰਘ ਅਤੇ ਕਾਉਸਲਰ ਸੁਰਿੰਦਰ ਵਿਜ, ਪ੍ਰੋਟੈਕਸ਼ਨ ਅਫਸਰ.ਆਈ.ਸੀ ਸੁਖਮੰਦਰ ਸਿੰਘ, ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜਰ ਸਨ।
