ਹਰਜੀਤ ਸਿੰਘ ਵਿਰਕ ਬਤੌਰ ਇੰਸਪੈਕਟਰ ਪਦਉੱਨਤ

56

ਲੁਧਿਆਣਾ, 24 ਜੂਨ 2025 AJ Di Awaaj

Punjab Desk : ਬੀਤੇ ਦਿਨੀਂ ਸਬ-ਇੰਸਪੈਕਟਰ ਹਰਜੀਤ ਸਿੰਘ ਵਿਰਕ ਨੂੰ ਮਾਣਯੋਗ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਵੱਲੋਂ ਜਾਰੀ ਹੁਕਮਾਂ ਤਹਿਤ ਇੰਸਪੈਕਟਰ ਰੈਂਕ ‘ਤੇ ਪਦਉੱਨਤ ਕੀਤਾ ਗਿਆ।

ਸ੍ਰੀਮਤੀ ਧਨਪ੍ਰੀਤ ਕੌਰ ਆਈ.ਪੀ.ਐਸ., ਕਮਿਸ਼ਨਰ ਪੁਲਿਸ ਜਲੰਧਰ ਅਤੇ ਸ. ਰੁਪਿੰਦਰ ਸਿੰਘ ਡੀ.ਸੀ.ਪੀ/ਸਿਟੀ ਕਮਿਸ਼ਨਰੇਟ ਲੁਧਿਆਣਾ ਵੱਲੋਂ ਹਰਜੀਤ ਸਿੰਘ ਵਿਰਕ ਦੇ ਮੋਢਿਆਂ ‘ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨਵੀਂ ਤਰੱਕੀ ਪ੍ਰਾਪਤ ਇੰਸਪੈਕਟਰ ਵਿਰਕ ਨੂੰ ਹੋਰ ਸਖ਼ਤ ਮਿਹਨਤ ਕਰਨ, ਸਮਰਪਣ, ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਤੁਹਾਡੇ ਮੋਢਿਆਂ ‘ਤੇ ਲਗਾਇਆ ਇਹ ਸਟਾਰ ਹੋਰ ਵੱਡੀ ਜਿੰਮੇਵਾਰੀ ਦਰਸਾਉਂਦਾ ਹੈ।

ਕਾਬਿਲੇਗੌਰ ਹੈ ਕਿ ਸਾਲ 1988 ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਇੰਸਪੈਟਕਰ ਹਰਜੀਤ ਸਿੰਘ ਵਿਰਕ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਪੜਾਈ ਜਾਰੀ ਰੱਖਦਿਆਂ ਐਮ.ਏ. ਪਾਸ ਕੀਤੀ, ਉਪਰੰਤ ਉਨ੍ਹਾਂ ਨੂੰ ਬਤੌਰ ਏ.ਐਸ.ਆਈ. ਤਰੱਕੀ ਮਿਲੀ।

ਉਨ੍ਹਾਂ ਕਮਿਸ਼ਨਰੇਟ ਲੁਧਿਆਣਾ ਅਧੀਨ ਥਾਣਾ ਸਦਰ, ਸਾਹਨੇਵਾਲ, ਮਹਿਲਾ ਸੈਲ, ਸਾਈਬਰ ਸੈਲ ਤੇ ਚੌਂਕੀ ਇੰਚਾਰਜ ਰਘੂਨਾਥ ਇਨਕਲੇਵ (ਬਤੌਰ ਇੰਚਾਰਜ਼) ਤਫ਼ਤੀਸ਼ੀ ਅਫ਼ਸਰ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਇਸ ਤੋਂ ਇਲਾਵਾ ਆਈ.ਪੀ.ਐਸ./ਪੀ.ਪੀ.ਐਸ. ਅਧਿਕਾਰੀ ਸਹਿਬਾਨਾਂ ਨਾਲ ਬਤੌਰ ਰੀਡਰ ਡਿਊਟੀ ਨਿਭਾ ਚੁੱਕੇ ਹਨ। ਇਨ੍ਹਾਂ ਵੱਲੋਂ ਇਸੇ ਸਾਲ ਸ੍ਰੀਮਤੀ ਧਨਪ੍ਰੀਤ ਕੌਰ ਆਈ.ਪੀ.ਐਸ., ਆਈ.ਜੀ.ਪੀ/ਲੁਧਿਆਣਾ ਰੇਂਜ ਨਾਲ ਵੀ ਬਤੌਰ ਰੀਡਰ ਡਿਊਟੀ ਨਿਭਾਈ ਗਈ ਹੈ। ਇੰਸਪੈਕਟਰ ਹਰਜੀਤ ਸਿੰਘ ਵਿਰਕ ਵੱਲੋਂ ਆਪਣੀ ਕਰੀਬ 37 ਸਾਲ ਦੀ ਨੌਕਰੀ ਪੂਰੀ ਤਨਦੇਹੀ, ਲਗਨ ਤੇ ਇਮਾਨਦਾਰੀ ਨਾਲ ਕੀਤੀ ਗਈ ਹੈ। ਪੁਲਿਸ ਵਿਭਾਗ ਅਜਿਹੇ ਇਮਾਨਦਾਰ ਤੇ ਮਿਹਨਤੀ ਮੁਲਾਜ਼ਮਾਂ ‘ਤੇ ਹਮੇਸ਼ਾਂ ਮਾਣ ਕਰਦਾ ਹੈ।

ਇੰਸਪੈਕਟਰ ਹਰਜੀਤ ਸਿੰਘ ਵਿਰਕ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਣਤਾ ਦੇਣ ਲਈ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ, ਸ੍ਰੀਮਤੀ ਧਨਪ੍ਰੀਤ ਕੌਰ ਆਈ.ਪੀ.ਐਸ., ਕਮਿਸ਼ਨਰ ਪੁਲਿਸ ਜਲੰਧਰ ਅਤੇ ਸ. ਰੁਪਿੰਦਰ ਸਿੰਘ ਡੀ.ਸੀ.ਪੀ/ਸਿਟੀ ਕਮਿਸ਼ਨਰੇਟ ਲੁਧਿਆਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਸੇਵਾ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕੀਤਾ ਹੋਇਆ ਹੈ।