ਸ੍ਰੀ ਮੁਕਤਸਰ ਸਾਹਿਬ, 20 ਜੂਨ 2025 Aj DI Awaaj
Punjab Desk : ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਮੇਂ ਅਗੇਤੇ ਨਰਮੇਂ ਦੀ ਫ਼ਸਲ ਤਕਰੀਬਨ 45 ਦਿਨਾਂ ਦੀ ਹੋ ਗਈ ਹੈ ਅਤੇ ਇਸ ਫ਼ਸਲ ਉਪਰ ਕੀੜੇ ਮਕੌੜਿਆਂ ਦੇ ਸਰਵੇਖਣ ਦੀ ਜ਼ਰੂਰਤ ਹੈ।
ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜਿ਼ਲ੍ਹੇ ਅੰਦਰ ਨਰਮੇਂ ਦੀ ਫ਼ਸਲ ਉਪਰ ਕੀੜੇ ਮਕੌੜਿਆਂ ਦਾ ਸਰਵੇਖਣ ਕਰਨ ਲਈ ਜਿ਼ਲ੍ਹਾ ਪੱਧਰ, ਬਲਾਕ ਪੱਧਰ ਅਤੇ ਸਰਕਲ ਪੱਧਰ ਦੀਆਂ 27 ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿੱਚ 69 ਅਧਿਕਾਰੀ/ਕਰਮਚਾਰੀ ਸ਼ਾਮਿਲ ਹਨ। ਇਹ ਟੀਮਾਂ ਹਫ਼ਤੇ ਵਿੱਚ ਦੋ ਵਾਰ ਸਵੇਰੇ 8:00 ਵਜੇ ਤੋਂ 10:00 ਵਜੇ ਤੱਕ ਸਰਵੇਖਣ ਕਰਨਗੀਆਂ। ਇਹ ਸਰਵੇਖਣ ਮਿਤੀ 30 ਸਤੰਬਰ ਤੱਕ ਨਿਰੰਤਰ ਜਾਰੀ ਰਹੇਗਾ।
ਜਿ਼ਲ੍ਹਾ ਪੱਧਰੀ ਪੈਸਟ ਸਰਵੇਲੈਂਸ ਟੀਮ ਜਿਸ ਵਿੱਚ ਸ਼੍ਰੀ ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ(ਪੀ.ਪੀ) ਅਤੇ ਸ਼੍ਰੀ ਕਰਨਜੀਤ ਸਿੰਘ ਪੀ.ਡੀ.(ਆਤਮਾ) ਵੱਲੋਂ ਕੀਤੇ ਗਏ ਵੱਖ—2 ਪਿੰਡਾਂ ਦੇ ਨਰਮੇਂ ਦੇ ਖੇਤਾਂ ਦੇ ਸਰਵੇਖਣ ਅਨੁਸਾਰ ਅਜੇ ਤੱਕ ਕਿਸੇ ਵੀ ਕੀਟ ਦਾ ਹਮਲਾ ਆਰਥਿਕ ਕਗਾਰ ਪੱਧਰ ਤੋਂ ਉਪਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੇ ਸਰਵੇਖਣ ਦੇ ਅਧਾਰ ਤੇ ਪਿੰਡ ਪੱਧਰ ਦੇ ਕਿਸਾਨ ਸਿਖ਼ਲਾਈ ਕੈਂਪਾਂ ਰਾਹੀਂ ਕਿਸਾਨਾਂ ਨੂੰ ਨਰਮੇਂ ਦੀ ਫ਼ਸਲ ਸਬੰਧੀ ਖਾਦਾਂ, ਕੀਟਨਾਸ਼ਕ ਅਤੇ ਉਲੀਨਾਸ਼ਕਾਂ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨੂੰ ਇਹ ਸਲਾਹ ਹੈ ਕਿ ਨਰਮੇਂ ਦੀ ਫ਼ਸਲ ਉਪਰ ਜਦੋਂ ਕੋਈ ਕੀੜਾ ਮਕੌੜਾ ਨੁਕਸਾਨ ਦੀ ਹੱਦ ਵਿੱਚ ਆਉਂਦਾ ਹੈ ਤਾਂ ਉਸ ਸਮੇਂ ਹੀ ਕੀਟਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਕੀਟਨਾਸ਼ਕ ਦਾ ਛਿੜਕਾਅ ਉਸ ਸਮੇਂ ਕਰਨਾ ਹੈ ਜਦੋਂ ਸਵੇਰੇ 10:00 ਵਜੇ ਤੋਂ ਪਹਿਲਾਂ ਚਿੱਟੀ ਮੱਖੀ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ। ਇਸੇ ਤਰ੍ਹਾਂ ਭੂਰੀ ਜੂੰ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਹੀ ਕਰਨਾ ਚਾਹੀਦਾ ਹੈ ਜਦੋਂ ਭੂਰੀ ਜੂੰ ਦੀ ਗਿਣਤੀ ਪ੍ਰਤੀ ਪੱਤਾ 12 ਹੋ ਜਾਵੇ। ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰਨਾ ਚਾਹੀਦਾ ਹੈ ਜਦੋਂ ਨਰਮੇਂ ਦੀ ਫ਼ਸਲ ਦੇ 50 ਪ੍ਰਤੀਸ਼ਤ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ। ਉਨ੍ਹਾਂ ਦੱਸਿਆ ਕਿ ਅਗੇਤੇ ਨਰਮੇਂ ਨੂੰ ਇਸ ਸਮੇਂ ਪਹਿਲੇ ਪਾਣੀ ਦੀ ਜ਼ਰੂਰਤ ਹੈ। ਪਹਿਲਾ ਪਾਣੀ ਲਗਾਉਣ ਉਪਰੰਤ ਜਦੋਂ ਖੇਤ ਵੱਤਰ ਆ ਜਾਵੇ ਤਾਂ ਯੂਰੀਆ ਖਾਦ ਦੀ ਪਹਿਲੀ ਕਿਸ਼ਤ 45 ਕਿ:ਗ੍ਰਾ: ਪ੍ਰਤੀ ਏਕੜ ਅਤੇ ਯੂਰੀਆ ਖਾਦ ਦੀ ਦੂਜੀ ਕਿਸ਼ਤ 45 ਕਿ:ਗ੍ਰਾ: ਪ੍ਰਤੀ ਏਕੜ ਫ਼ਸਲ ਨੂੰ ਫੁੱਲ ਪੈਣ ਤੇ ਪਾਈ ਜਾਵੇ। ਇਥੇ ਇਹ ਵੀ ਜਿ਼ਕਰਯੋਗ ਹੈ ਕਿ ਜਿੰਨ੍ਹਾਂ ਕਿਸਾਨਾਂ ਵੱਲੋਂ ਅਜੇ ਤੱਕ ਬੀਜ਼ ਦੀ ਸਬਸਿਡੀ ਲਈ ਬਿੱਲ ਪੋਰਟਲ ਤੇ ਅਪਲੋਡ ਨਹੀਂ ਕੀਤਾ ਉਹ 30 ਜੂਨ ਤੱਕ Punjabagrimachinery ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਉਣੀ ਦੀਆਂ ਫ਼ਸਲਾਂ ਸਬੰਧੀ ਇਨਪੁਟਸ ਖ੍ਰੀਦਣ ਸਮੇਂ ਪੱਕਾ ਬਿੱਲ ਲਿਆ ਜਾਵੇ ਅਤੇ ਕਿਸੇ ਕਿਸਮ ਦੀ ਤਕਨੀਕੀ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਹੈਲਪ ਡੈਸਕ ਨੰਬਰ 98781—66287 ਤੇ ਸੰਪਰਕ ਕਰਨ।
