ਤੰਬਾਕੂ ਮੁਕਤੀ ਮੁਹਿੰਮ ਤਹਿਤ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ

26

ਮਾਲੇਰਕੋਟਲਾ 18 ਜੂਨ 2025 Aj DI Awaaj

Punjab Desk :ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਡਾ.ਸੰਜੇ ਗੋਇਲ ਅਤੇ ਜ਼ਿਲਾ ਸਿਹਤ ਅਫ਼ਸਰ ਡਾ.ਪੁਨੀਤ ਸਿੱਧੂ ਦੀ ਅਗਵਾਈ ਵਿੱਚ ਸਿਵਲ ਸਰਜਨ ਦਫ਼ਤਰ ਮਾਲੇਰਕੋਟਲਾ ਵਿਖੇ “ਜੇਨਰੇਸ਼ਨ ਸੇਵੀਅਰ ਐਸੋਸੀਏਸ਼ਨ” ਦੁਆਰਾ ਸਮੂਹ ਨੋਡਲ  ਅਫ਼ਸਰ, ਬਲਾਕ ਐਕਸਟੇਂਸ਼ਨ ਐਜੂਕੇਟਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ ਅਤੇ ਸੀ.ਐਚ.ਓ ਦੀ ਟਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਦਾ ਮੁੱਖ ਮੰਤਵ ਪੰਜਾਬ ਨੂੰ ਤੰਬਾਕੂ ਮੁਕਤ ਬਣਾਉਣ ਲਈ ਮੌਜੂਦਾ ਅੰਕੜਿਆ ਉੱਪਰ ਚਰਚਾ ਕਰਦੇ ਹੋਏ ਨਵੀਂ ਪੀੜੀ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਸਿੱਖਿਆ ਦੇਣਾ ਸੀ।

                    ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਕੋਟਪਾ (ਸਿਗਰਟ ਅਤੇ ਹੋਰ ਤੰਬਾਕੂ ਉਤਪਾਦ )ਐਕਟ 2003 ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਸ ਐਕਟ ਦੀ ਉਲੰਘਣਾ ਕਰਨਾ ਸਜਾ ਯੋਗ ਅਪਰਾਧ ਹੈ। ਉਹਨਾਂ ਕਿਹਾ ਕਿ ਕੋਟਪਾ ਐਕਟ ਦੀ ਧਾਰਾ 4 ਤਹਿਤ ਜਨਤਕ ਥਾਵਾਂ ‘ਤੇ ਸਿਗਰਟ ਪੀਣ ਜਾਂ ਤੰਬਾਕੂਨੋਸ਼ੀ ਕਰਨ ‘ਤੇ 200 ਰੁਪਏ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ।

                     ਜ਼ਿਲਾ ਸਿਹਤ ਅਫ਼ਸਰ ਡਾ.ਪੁਨੀਤ ਸਿੱਧੂ ਨੇ ਦੱਸਿਆ ਕਿ ਐਕਟ ਦੀ ਧਾਰਾ 6(ਏ) ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਿਗਰਟ ਜਾਂ ਕਿਸੇ ਤੰਬਾਕੂ ਉਤਪਾਦ ਦੀ ਵਿਕਰੀ ਕਰਨ ਦੀ ਪਾਬੰਦੀ ਹੈ ਜਦਕਿ ਧਾਰਾ 6(ਬੀ) ਤਹਿਤ ਵਿੱਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਸੇਵਨ ਕਰਨਾ ਵੀ ਕਾਨੂੰਨੀ ਅਪਰਾਧ ਹੈ। ਮਾਸਟਰ ਟ੍ਰੇਨਰ ਐਡਵੋਕੇਟ ਗੁਰਪ੍ਰੀਤ ਸਿੰਘ ਤੇ ਐਡਵੋਕੇਟ ਗਗਨਦੀਪ ਕੌਰ ਨੇ ਦੱਸਿਆ ਕਿ ਧਾਰਾ 5 ਤਹਿਤ ਕਿਸੇ ਵੀ ਤੰਬਾਕੂ ਪਦਾਰਥ ਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ ਹੈ।