ਮਾਂ ਦੀ ਬਿਮਾਰੀ ਕਾਰਨ ਨੌਜਵਾਨ ਨੇ ਕੀਤੀ ਚੋਰੀ, 27 ਮੋਬਾਈਲ ਤੇ ਸਪੀਕਰ ਸਮੇਤ ਗ੍ਰਿਫ਼ਤਾਰ

5
A vector illustration of Police Officers Catching a Criminal

ਗੁਰਦਾਸਪੁਰ 07 June 2025 Aj Di Awaaj

ਗੁਰਦਾਸਪੁਰ (ਬਿਸ਼ੰਬਰ ਬਿੱਟੂ) – ਮਾਂ ਦੀ ਤਕਲੀਫ਼ ਨੇ ਇਕ 19 ਸਾਲਾ ਨੌਜਵਾਨ ਨੂੰ ਅਜਿਹੇ ਰਾਹ ਪਾ ਲਾਇਆ, ਜਿਸ ਨੇ ਆਪਣੀ ਜ਼ਿੰਦਗੀ ’ਚ ਪਹਿਲੀ ਵਾਰ ਕਾਨੂੰਨ ਦੀ ਉਲੰਘਣਾ ਕਰਦਿਆਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਹ ਮਾਮਲਾ ਧਾਰੀਵਾਲ ਵਿੱਚ ਮੋਬਾਈਲ ਰਿਪੇਅਰ ਦੀ ਦੁਕਾਨ ਨਾਲ ਜੁੜਿਆ ਹੋਇਆ ਹੈ, ਜਿੱਥੇ ਨੌਜਵਾਨ ਨੇ ਕੰਧ ਪਾੜ ਕੇ ਰਾਤ ਦੇ ਵੇਲੇ 27 ਮੋਬਾਈਲ ਤੇ ਇੱਕ ਸਪੀਕਰ ਚੋਰੀ ਕਰ ਲਿਆ।

ਦੁੱਖਦਾਈ ਗੱਲ ਇਹ ਰਹੀ ਕਿ ਚੋਰੀ ਦੇ ਪਿੱਛੇ ਕੋਈ ਨਸ਼ਾ ਜਾਂ ਗੈਂਗਵਾਰ ਨਹੀਂ, ਸਗੋਂ ਮਾਂ ਦੀ ਗੰਭੀਰ ਬਿਮਾਰੀ ਸੀ। ਨੌਜਵਾਨ ਆਪਣੇ ਘਰ ਦੀ ਮਾੜੀ ਹਾਲਤ ਅਤੇ ਮਾਂ ਦੀ ਪੀੜ ਨੂੰ ਝੱਲ ਨਹੀਂ ਸਕਿਆ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ।

ਦੁਕਾਨ ਮਾਲਕ ਦੇ ਮੁਤਾਬਕ, ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਆਇਆ ਤਾਂ ਉਸ ਨੇ ਵੇਖਿਆ ਕਿ ਦੁਕਾਨ ਦੇ ਮਹਿੰਗੇ ਮੋਬਾਈਲ, ਐਕਸੈਸਰੀਜ਼ ਅਤੇ ਔਜ਼ਾਰ ਗਾਇਬ ਸਨ। ਚੋਰ ਨੇ ਸੀਸੀਟੀਵੀ ਕੈਮਰੇ ਤੋੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਇੱਕ ਕੈਮਰਾ ਤੋੜਣ ਤੋਂ ਰਹਿ ਗਿਆ, ਜਿਸ ਵਿੱਚ ਉਸ ਦੀ ਤਸਵੀਰ ਕੈਦ ਹੋ ਗਈ।

ਧਾਰੀਵਾਲ ਪੁਲਿਸ ਨੇ ਫੁਟੇਜ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਸਹਾਇਤਾ ਨਾਲ ਨੌਜਵਾਨ ਦੀ ਪਛਾਣ ਕਰ ਲੀ ਅਤੇ ਕੁਝ ਘੰਟਿਆਂ ਵਿੱਚ ਉਸ ਨੂੰ 27 ਮੋਬਾਈਲ ਤੇ ਇੱਕ ਸਪੀਕਰ ਸਮੇਤ ਗ੍ਰਿਫਤਾਰ ਕਰ ਲਿਆ।

ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਨੌਜਵਾਨ ਵਿਜੇ ਦੇ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਇਹ ਉਸ ਦੀ ਪਹਿਲੀ ਚੋਰੀ ਸੀ। ਪੁਲਿਸ ਜਾਂਚ ਵਿੱਚ ਨੌਜਵਾਨ ਨੇ ਕਬੂਲਿਆ ਕਿ ਉਸ ਨੇ ਇਹ ਕਦਮ ਮਾਂ ਦੇ ਇਲਾਜ ਦੀ ਮਜ਼ਬੂਰੀ ਵਿਚ ਚੁੱਕਿਆ।

ਇਹ ਮਾਮਲਾ ਸਮਾਜ ਵਿੱਚ ਮੌਜੂਦ ਆਰਥਿਕ ਤੰਗੀਆਂ ਅਤੇ ਪਰਿਵਾਰਕ ਦਬਾਵਾਂ ਨੂੰ ਦਰਸਾਉਂਦਾ ਹੈ, ਜੋ ਕਈ ਵਾਰ ਨੌਜਵਾਨਾਂ ਨੂੰ ਅਜਿਹੀਆਂ ਘਾਟਕ ਰਾਹਾਂ ਵੱਲ ਧੱਕ ਦੇਂਦੇ ਹਨ।