ਨਵੀਂ ਦਿੱਲੀ: 03 June 2025 AJ DI Awaaj
ਆਧਾਰ ਕਾਰਡ ਧਾਰਕਾਂ ਲਈ ਵੱਡੀ ਖ਼ਬਰ ਹੈ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਆਧਾਰ ਅੱਪਡੇਟ ਲਈ ਮੁਫ਼ਤ ਔਨਲਾਈਨ ਸੇਵਾ ਦੀ ਆਖਰੀ ਮਿਤੀ 14 ਜੂਨ, 2025 ਨਿਰਧਾਰਤ ਕੀਤੀ ਹੈ। ਇਸ ਮਿਤੀ ਤੋਂ ਬਾਅਦ, ਆਧਾਰ ਵੇਰਵਿਆਂ ਵਿੱਚ ਕੋਈ ਵੀ ਤਬਦੀਲੀ ਕਰਵਾਉਣ ਲਈ ਆਪਣੇ ਨੇੜਲੇ ਆਧਾਰ ਕੇਂਦਰ ਜਾਣਾ ਪਵੇਗਾ ਅਤੇ ₹50 ਫੀਸ ਭਰਨੀ ਪਵੇਗੀ।
ਕਿਉਂ ਜ਼ਰੂਰੀ ਹੈ ਆਧਾਰ ਅੱਪਡੇਟ?
ਆਧਾਰ ਨਾਮਾਂਕਣ ਅਤੇ ਅੱਪਡੇਟ ਨਿਯਮ, 2016 ਅਨੁਸਾਰ, ਹਰੇਕ ਵਿਅਕਤੀ ਨੂੰ ਆਪਣੇ ਆਧਾਰ ਕਾਰਡ ‘ਚ ਦਸ ਸਾਲਾਂ ਵਿੱਚ ਇੱਕ ਵਾਰੀ ਪਛਾਣ ਦੇ ਸਬੂਤ (PoI) ਅਤੇ ਪਤੇ ਦੇ ਸਬੂਤ (PoA) ਅੱਪਡੇਟ ਕਰਨੇ ਲਾਜ਼ਮੀ ਹਨ। ਇਹ ਡੇਟਾ ਦੀ ਸ਼ੁੱਧਤਾ ਬਣਾਈ ਰੱਖਣ, ਅਤੇ ਸਰਕਾਰੀ ਸਕੀਮਾਂ ਦੇ ਲਾਭ ਸਹੀ ਢੰਗ ਨਾਲ ਲੈਣ ਲਈ ਬਹੁਤ ਜ਼ਰੂਰੀ ਹੈ।
ਮੁਫ਼ਤ ਔਨਲਾਈਨ ਅੱਪਡੇਟ ਲਈ ਇਹ ਦਸਤਾਵੇਜ਼ ਲੋੜੀਂਦੇ ਹਨ:
1. ਪਛਾਣ ਸਬੂਤ (PoI):
- ਪਾਸਪੋਰਟ
- ਡਰਾਈਵਿੰਗ ਲਾਇਸੈਂਸ
- ਪੈਨ ਕਾਰਡ
- ਵੋਟਰ ID
- ਮਾਰਕਸ਼ੀਟ ਜਾਂ ਸਰਕਾਰੀ ਆਈਡੀ
2. ਪਤਾ ਸਬੂਤ (PoA):
- ਤਾਜ਼ਾ ਬੈਂਕ ਸਟੇਟਮੈਂਟ (3 ਮਹੀਨਿਆਂ ਤੋਂ ਪੁਰਾਣਾ ਨਾ ਹੋਵੇ)
- ਬਿਜਲੀ ਜਾਂ ਗੈਸ ਬਿੱਲ
- ਪਾਸਪੋਰਟ
- ਰਾਸ਼ਨ ਕਾਰਡ
- ਜਾਇਦਾਦ ਟੈਕਸ ਰਸੀਦ (1 ਸਾਲ ਤੋਂ ਪੁਰਾਣੀ ਨਾ ਹੋਵੇ)
- ਨੋਟ: ਫਾਈਲ ਫਾਰਮੈਟ JPEG, PNG ਜਾਂ PDF ਹੋਣਾ ਚਾਹੀਦਾ ਹੈ ਅਤੇ ਆਕਾਰ 2MB ਤੋਂ ਵੱਧ ਨਾ ਹੋਵੇ।
ਬਾਇਓਮੈਟ੍ਰਿਕ ਅੱਪਡੇਟ (ਫੋਟੋ, ਫਿੰਗਰਪ੍ਰਿੰਟ ਆਦਿ)
ਇਹ ਸੇਵਾ ਔਨਲਾਈਨ ਉਪਲਬਧ ਨਹੀਂ ਹੈ। ਇਸ ਲਈ, ਬਾਇਓਮੈਟ੍ਰਿਕ ਡੇਟਾ ਅੱਪਡੇਟ ਕਰਵਾਉਣ ਲਈ ਤੁਹਾਨੂੰ ਆਧਾਰ ਨਾਮਾਂਕਣ ਕੇਂਦਰ ਜਾਣਾ ਪਵੇਗਾ।
Online ਅੱਪਡੇਟ ਕਿਵੇਂ ਕਰੀਏ? (ਸਟੈਪ-ਬਾਇ-ਸਟੈਪ)
- UIDAI ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ – https://myaadhaar.uidai.gov.in
- ‘Login’ ‘ਤੇ ਕਲਿੱਕ ਕਰੋ, 12-ਅੰਕਾਂ ਵਾਲਾ ਆਧਾਰ ਨੰਬਰ ਤੇ ਕੈਪਚਾ ਭਰੋ
- ਰਜਿਸਟਰਡ ਮੋਬਾਈਲ ਨੰਬਰ ‘ਤੇ ਆਏ OTP ਨਾਲ ਲੌਗਇਨ ਕਰੋ
- ਡੈਸ਼ਬੋਰਡ ‘ਤੇ “Document Update” ਚੁਣੋ
- ਨਵੇਂ PoI ਅਤੇ PoA ਦਸਤਾਵੇਜ਼ ਚੁਣੋ ਤੇ ਅੱਪਲੋਡ ਕਰੋ
- ਵੇਰਵਿਆਂ ਦੀ ਜਾਂਚ ਕਰੋ ਤੇ ਫਾਰਮ ਸਬਮਿਟ ਕਰੋ
- ਤੁਹਾਨੂੰ ਇੱਕ ਸੇਵਾ ਬੇਨਤੀ ਨੰਬਰ (SRN) ਮਿਲੇਗਾ, ਜਿਸ ਰਾਹੀਂ ਤੁਸੀਂ ਅਪਡੇਟ ਸਥਿਤੀ ਟਰੈਕ ਕਰ ਸਕਦੇ ਹੋ
14 ਜੂਨ ਤੋਂ ਬਾਅਦ ਕੀ ਹੋਵੇਗਾ?
ਜੇ ਤੁਸੀਂ ਦਿੱਤੀ ਮਿਤੀ ਤੱਕ ਅੱਪਡੇਟ ਨਹੀਂ ਕਰਦੇ, ਤਾਂ ਕਿਸੇ ਵੀ ਅਪਡੇਟ ਲਈ ਫੀਸ ਦੇਣੀ ਪਵੇਗੀ ਅਤੇ UIDAI ਕੇਂਦਰ ਦੀ ਯਾਤਰਾ ਵੀ ਕਰਨੀ ਪਵੇਗੀ। ਇਸ ਲਈ, ਸਮੇਂ ਸਿਰ ਮੁਫ਼ਤ ਅੱਪਡੇਟ ਕਰਵਾ ਕੇ ਪੈਸੇ ਅਤੇ ਸਮਾਂ ਦੋਵਾਂ ਬਚਾਓ।
ਹੋਰ ਜਾਣਕਾਰੀ ਲਈ UIDAI ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ ਜਾਂ 1947 ‘ਤੇ ਕਾਲ ਕਰੋ।
