ਭਾਰਤ ‘ਚ ਕੋਰੋਨਾ ਦੇ 312 ਨਵੇਂ ਮਾਮਲੇ, ਕੇਸਾਂ ਵਿੱਚ ਹੋਇਆ ਵਾਧਾ

97

ਨਵੀਂ ਦਿੱਲੀ: 24/05/2025 Aj Di Awaaj

ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਇੱਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ‘ਚ 20, ਉੱਤਰ ਪ੍ਰਦੇਸ਼ ‘ਚ 4, ਹਰਿਆਣਾ ‘ਚ 5 ਅਤੇ ਬੈਂਗਲੁਰੂ ਵਿੱਚ 9 ਮਹੀਨੇ ਦਾ ਇਕ ਬੱਚਾ ਕੋਰੋਨਾ ਪਾਜ਼ੀਟਿਵ ਮਿਲਿਆ। ਇਸ ਦੇ ਨਾਲ ਹੀ, ਸਾਰੇ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 312 ਹੋ ਗਈ ਹੈ। ਹੁਣ ਤੱਕ ਕੋਰੋਨਾ ਕਾਰਨ 2 ਮੌਤਾਂ ਹੋ ਚੁੱਕੀਆਂ ਹਨ।

ਇਸ ਹਾਲਤ ਨੂੰ ਦੇਖਦਿਆਂ, ਦਿੱਲੀ ਸਰਕਾਰ ਵਲੋਂ ਕੋਵਿਡ-19 ਸੰਬੰਧੀ ਇੱਕ ਤਾਜ਼ਾ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਰਕਾਰ ਨੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਬਿਸਤਰੇ, ਆਕਸੀਜਨ, ਦਵਾਈਆਂ ਅਤੇ ਟੀਕਿਆਂ ਦੀ ਪੂਰੀ ਤਿਆਰੀ ਰੱਖਣ ਲਈ ਕਿਹਾ ਹੈ।ਦਿੱਲੀ ਦੇ ਹਸਪਤਾਲਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਕੋਵਿਡ ਪਾਜ਼ੀਟਿਵ ਆਏ ਹਰ ਨਮੂਨੇ ਨੂੰ ਜੀਨੋਮ ਸੀਕਵੈਂਸਿੰਗ ਲਈ ਲੋਕ ਨਾਇਕ ਹਸਪਤਾਲ ਭੇਜਿਆ ਜਾਵੇ। ਇਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਦਿੱਲੀ ਹੈਲਥ ਡੇਟਾ ਪੋਰਟਲ ‘ਤੇ ਹਰ ਰੋਜ਼ ਅਪਲੋਡ ਕਰਨਾ ਲਾਜ਼ਮੀ ਹੋਵੇਗਾ।

ਇਹ ਐਡਵਾਈਜ਼ਰੀ ਉਸ ਸਮੇਂ ਆਈ ਹੈ ਜਦੋਂ ਪਾਕਿਸਤਾਨ, ਚੀਨ, ਥਾਈਲੈਂਡ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਕੇਸ ਵਧ ਰਹੇ ਹਨ। ਸਰਕਾਰ ਵਲੋਂ ਲੋਕਾਂ ਨੂੰ ਵੀ ਐਹਤਿਆਤ ਵਰਤਣ ਦੀ ਸਲਾਹ ਦਿੱਤੀ ਗਈ ਹੈ।