ਫਾਜਿਲ਼ਕਾ 22 ਮਈ 2025 Aj Di Awaaj
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਵਿਆਪਕ ਸੁਧਾਰਾਂ ਦੀ ਲੜੀ ਤਹਿਤ ਸ਼ੁਰੂ ਕੀਤੇ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਹਲਕੇ ਦੇ ਪਿੰਡ ਕਰਨੀ ਖੇੜਾ ਅਤੇ ਮੰਡੀ ਹਜੂਰ ਸਿੰਘ ਵਿਖੇ 3 ਸਕੂਲਾਂ ਵਿੱਚ 2 ਕਰੋੜ 3 ਲੱਖ 66 ਹਜਾਰ ਰੁਪਏ ਦੇ ਵਿਕਾਸ ਕਾਰਜਾਂ ਨੂੰ ਲੋਕ ਸਮਰਪਿਤ ਕੀਤਾ।
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਤਿੰਨ ਸਾਲਾਂ ਵਿੱਚ ਸਿੱਖਿਆ ਖੇਤਰ ਵਿੱਚ ਵੱਡਾ ਸੁਧਾਰ ਹੋਇਆ ਹੈ । ਪਿਛਲੀਆਂ ਸਰਕਾਰਾਂ ਆਖਰੀ ਸਾਲ ਵਿੱਚ ਕੰਮ ਕਰਦੀਆਂ ਸਨ ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਪਹਿਲੇ ਸਾਲ ਤੋਂ ਹੀ ਕੰਮ ਕਰ ਰਹੀ ਹੈ ਅਤੇ ਸਕੂਲਾਂ ਵਿੱਚ ਵਿਆਪਕ ਪੱਧਰ ਤੇ ਵਿਕਾਸ ਕਾਰਜ ਹੋਏ ਹਨ। ਫਾਜਿਲ਼ਕਾ ਦੇ ਸਰਕਾਰੀ ਕਾਲਜ ਵਿੱਚ ਵੀ 27 ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਇਸ ਮੌਕੇ ਖੁਸ਼ਬੂ ਸਾਵਣ ਸੁੱਖਾ ਸਵਨਾ ਨੇ ਕਿਹਾ ਕਿ ਸਿੱਖਿਆ ਸਮਾਜ ਦੀ ਨੀਂਹ ਹੈ ਅਤੇ ਜੇਕਰ ਨੀਂਹ ਮਜਬੂਤ ਹੋਵੇਗੀ ਤਾਂ ਸਮਾਜ ਤਰੱਕੀ ਕਰੇਗਾ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕੁੜੀਆਂ ਨੂੰ ਪੜਾਉਣ ਤੋਂ ਪਿੱਛੇ ਨਾ ਹਟਣ।
ਸਿੱਖਿਆ ਕੋਆਰਡੀਨੇਟਰ ਸੁਰਿੰਦਰ ਕੰਬੋਜ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਸਿੱਖਿਆ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕ੍ਰਾਂਤੀਕਾਰੀ ਬਦਲਾਵਾਂ ਦੀ ਜਾਣਕਾਰੀ ਦਿੱਤੀ। ਉਪ ਜ਼ਿਲ੍ਹਾ ਸਿੱਖਿਆ ਅਫਸਰ ਪਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਇਸ ਸਮੇਂ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਹੋ ਗਏ ਹਨ। ਸਕੂਲ ਪ੍ਰਿੰਸੀਪਲ ਮੰਜੂ ਠੁਕਰਾਲ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ।
ਇਸ ਦੌਰਾਨ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰਨੀ ਖੇੜਾ ਵਿੱਚ 1 ਕਰੋੜ 72 ਲੱਖ 68 ਅਤੇ ਇਸੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 22 ਲੱਖ 28 ਹਜਾਰ ਰੁਪਏ ਦੇ ਵਿਕਾਸ ਕਾਰਜਾਂ ਨੂੰ ਲੋਕ ਸਮਰਪਿਤ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਹਜੂਰ ਸਿੰਘ ਵਿਖੇ ਉਨਾਂ ਵੱਲੋਂ 8.70 ਲੱਖ ਦੇ ਵਿਕਾਸ ਕਾਰਜਾਂ ਨੂੰ ਲੋਕ ਸਮਰਪਿਤ ਕੀਤਾ ਗਿਆ। ਇਸ ਮੌਕੇ ਬਲਾਕ ਸਿੱਖਿਆ ਅਫਸਰ ਪ੍ਰਮੋਦ ਕੁਮਾਰ, ਮੁੱਖ ਅਧਿਆਪਕ ਮਨੋਜ ਕੁਮਾਰ ਅਤੇ ਗਗਨਦੀਪ ਕੌਰ, ਸਰਪੰਚ ਮਨਦੀਪ ਕੌਰ ਅਤੇ ਸੀਮਾ ਰਾਣੀ ਅਤੇ ਇਨਕਲਾਬ ਗਿੱਲ ਵੀ ਹਾਜ਼ਰ ਸਨ।
