ਲੰਬੀ/ਸ੍ਰੀ ਮੁਕਤਸਰ ਸਾਹਿਬ, 22 ਮਈ 2025 Aj Di Awaj
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਏ ਜਾ ਰਹੇ “ਯੁੱਧ ਨਸ਼ਿਆਂ ਦੇ ਵਿਰੁੱਧ” ਮੁਹਿੰਮ ਤਹਿਤ ਅੱਜ ਹਲਕਾ ਲੰਬੀ ਅਧੀਨ ਆਉਂਦੇ ਪਿੰਡ ਅਸਪਾਲ ਅਤੇ ਬੋਦੀਵਾਲਾ ਖੜਕ ਸਿੰਘ ਵਿਖੇ ਨਸ਼ਾ ਮੁਕਤੀ ਯਾਤਰਾ ਅਧੀਨ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀਆਂ।
ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਪੇਟ ਤੋਂ ਬਾਹਰ ਕੱਢਣਾ ਅਤੇ ਉਨ੍ਹਾਂ ਦੀ ਨਰੋਈ ਸਿਹਤ ਅਤੇ ਉੱਜਵਲ ਭਵਿੱਖ ਵੱਲ ਅਗਵਾਈ ਕਰਨਾ ਹੈ। ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜੰਗ ਨੂੰ ਪੂਰੀ ਗੰਭੀਰਤਾ ਨਾਲ ਲੜ ਰਹੀ ਹੈ ਅਤੇ ਇਸ ਦੇ ਲਈ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਖੁੱਡੀਆਂ ਨੇ ਲੋਕਾਂ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਵੀ ਬਾਰੇ ਜਾਗਰੂਕ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਨਸ਼ਾ ਵੇਚਣ ਅਤੇ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੀ ਤਰਜੀਹ ਹੈ ਕਿ ਹਰ ਪਿੰਡ ਅਤੇ ਹਰ ਗਲੀ ਨੂੰ ਨਸ਼ਾ ਮੁਕਤ ਕੀਤਾ ਜਾਵੇ। ਸਰਕਾਰ ਵੱਲੋਂ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਲਈ ਚਲਾਏ ਜਾ ਰਹੇ ਇਸ ਸਾਂਝੇ ਯਤਨ ਨੂੰ ਲੋਕਾਂ ਦਾ ਪੂਰਨ ਸਮਰਥਨ ਮਿਲ ਰਿਹਾ ਹੈ। ਨਸ਼ਾ ਮੁਕਤੀ ਯਾਤਰਾ ਲਗਾਤਾਰ ਵੱਖੋ ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਕਰਵਾਈ ਜਾਵੇਗੀ, ਤਾਂ ਜੋ ਪੂਰੇ ਖੇਤਰ ਨੂੰ ਨਸ਼ਿਆਂ ਦੀ ਲਪੇਟ ਤੋਂ ਬਾਹਰ ਕੱਢਿਆ ਜਾ ਸਕੇ।
ਇਸ ਤੋਂ ਇਲਾਵਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਗੂਧੌਨ, ਉਦੇਕਰਨ ਤੇ ਥਾਂਦੇਵਾਲਾ ਅਤੇ ਮਲੋਟ ਹਲਕੇ ਦੇ ਪਿੰਡਾਂ ਸ਼ੇਖੂ, ਜੰਡਵਾਲਾ ਤੇ ਘੁਮਿਆਰਾ ਖੇੜਾ ਅਤੇ ਗਿੱਦੜਬਾਹਾ ਹਲਕੇ ਦੇ ਪਿੰਡਾਂ ਕਾਉਣੀ, ਸੂਰੇਵਾਲਾ ਤੇ ਵਾੜਾ ਕਿਸ਼ਨਪੁਰਾ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਇੰਚਾਰਜ ਮਨਵੀਰ ਸਿੰਘ ਖੁੱਡੀਆਂ ਤੋਂ ਇਲਾਵਾ ਹਲਕਾ ਮਲੋਟ ਮੋਰਚੇ ਦੇ ਕੁਆਰਡੀਨੇਟਰ ਬਲਰਾਜ ਸਿੰਘ, ਹਲਕਾ ਗਿੱਦੜਬਾਹਾ ਮੋਰਚੇ ਦੇ ਇੰਚਾਰਜ ਮਾਧੋ ਦਾਸ ਸਿੰਘ ਖਾਲਸਾ, ਹਲਕਾ ਲੰਬੀ ਮੋਰਚੇ ਦੇ ਇੰਚਾਰਜ ਪਰਮਪਾਲ ਸਿੰਘ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਮੋਰਚੇ ਦੇ ਇੰਚਾਰਜ ਜਗਸੀਰ ਸਿੰਘ ਸਰਪੰਚ ਹਾਜ਼ਰ ਸਨ।














