ਸ੍ਰੀ ਮੁਕਤਸਰ ਸਾਹਿਬ, 21 ਮਈ 2025 Aj Di Awaaj
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਵਿੱਚ “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਕੀਤੇ ਜਾ ਰਹੇ ਇਤਿਹਾਸਿਕ ਯਤਨਾਂ ਸਦਕਾ ਅੱਜ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਯੋਗ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ 34.26 ਲੱਖ ਦੀ ਲਾਗਤ ਨਾਲ ਕੀਤੇ ਗਏ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸ. ਰਜਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਿਕਾਸ ਪੱਖੀ ਸੋਚ ਸਦਕਾ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਕਰਵਾਏ ਵਿਕਾਸ ਕਾਰਜਾਂ ਨੂੰ ਲੋਕ ਅਰਪਿਤ ਕਰਨ ਨਾਲ ਜਿੱਥੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋ ਰਿਹਾ ਹੈ ਉਥੇ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਸਹੂਲਤਾਂ ਵੀ ਹਾਸਲ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੂਬੇ ਨੂੰ ਦੇਸ਼ ਵਿੱਚ ਮੋਹਰੀ ਬਣਾਉਣ ਲਈ ਜੋ ਸਾਰਥਕ ਕਦਮ ਚੁੱਕੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ।
ਅੱਜ ਸਰਕਾਰੀ ਹਾਈ ਸਕੂਲ ਬਰਕੰਦੀ ਵਿਖੇ 7.51 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਮੜਮੱਲੂ ਵਿਖੇ 4.51 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਜੰਡੋਕੇ ਵਿਖੇ 8.23 ਲੱਖ, ਸਰਕਾਰੀ ਮਿਡਲ ਸਕੂਲ ਵੱਟੂ ਵਿਖੇ 7.51 ਲੱਖ ਅਤੇ ਸਰਕਾਰੀ ਮਿਡਲ ਸਕੂਲ ਕੋਠੇ ਮੁਕੰਦ ਸਿੰਘ ਵਿਖੇ 6.50 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਅਧਿਆਪਕ, ਮਾਪੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।
