ਸਿਹਤ ਵਿਭਾਗ ਵੱਲੋਂ ਕੌਮੀ ਡੇਂਗੂ ਦਿਵਸ ਮਨਾਇਆ ਗਿਆ, ਰੋਕਥਾਮ ਲਈ ਕਰਮੀ ਤੱਤਪਰ: ਡਾ. ਗੁਰਪ੍ਰੀਤ ਸਿੰਘ ਰਾਏ

26

ਤਰਨ ਤਾਰਨ, 16 ਮਈ 2025 aj DI Awaaj

ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ  ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਸ਼ੁਕਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲਾ ਐਪੀਡਾਮੋਲੋਜਿਸਟ ਡਾ ਅਵਲੀਨ ਕੌਰ ਵੀ ਮੌਜੂਦ ਰਹੇ।

ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਕੌਮੀ ਡੇਂਗੂ ਦਿਵਸ ਮਨਾਉਣ ਦਾ ਮੁੱਖ ਮੰਤਵ ਆਮ ਨਾਗਰਿਕਾਂ ਨੂੰ ਡੇਂਗੂ ਦੀ ਬਿਮਾਰੀ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਗਰੂਕ ਕਰਨਾ ਹੈ। ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲੇ ਦੇ ਵੱਖ ਵੱਖ ਬਲਾਕਾਂ ਦੇ ਵਿੱਚ ਡੇਂਗੂ ਵਿਰੁੱਧ ਜਾਗਰੂਕ ਗਤੀਵਿਧੀਆਂ ਕਰਕੇ ਸਿਹਤ ਕਰਮੀਆਂ ਵੱਲੋਂ ਨਾਗਰਿਕਾਂ ਨੂੰ ਇਸ ਬਿਮਾਰੀ ਤੋਂ ਬਚਣ ਦੇ ਨੁਕਤੇ ਸਾਂਝੇ ਕੀਤੇ ਗਏ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਨਾਗਰਿਕਾਂ ਨੂੰ ਆਪਣੇ ਘਰਾਂ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਬਾਰੇ ਪ੍ਰੇਰਿਤ ਕੀਤਾ ਜਾਂਦਾ ਹੈ।

 ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਕਰਮੀਆਂ ਵੱਲੋਂ ਜ਼ਿਲੇ ਦੇ ਵਿੱਚ ਹਾਈ ਰਿਸਕ ਆਬਾਦੀ ਵਾਲੇ ਇਸ ਤਰਾਂ ਜਿਵੇਂ ਝੁਗੀਆਂ ਇੱਟਾਂ ਦੇ ਭੱਠਿਆਂ ਗੁਜਰਾਂ ਦੇ ਡੇਰਿਆਂ ਉੱਤੇ ਜਾ ਕੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿੱਥੇ ਨਾਗਰਿਕਾਂ ਨੂੰ ਡੇਂਗੂ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਦੱਸਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਛੱਪੜਾਂ ਦੇ ਵਿੱਚ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਲਈ ਗੰਬੂਜੀਆਂ ਮੱਛੀ ਬਲਾਕਾਂ ਦੇ ਵਿੱਚ ਵੰਡੀ ਗਈ ਹੈ।

ਉਹਨਾਂ ਦੱਸਿਆ ਕਿ ਸਿਹਤ ਕਰਮੀਆਂ ਵੱਲੋਂ ਡੇਂਗੂ ਜ਼ਿਲੇ ਦੇ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਬੁਖਾਰ ਦੇ ਲੱਛਣਾਂ ਅਤੇ ਬਚਾਅ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਤਾਂ ਜੋ ਨਾਗਰਿਕ ਆਪਣੇ ਆਪ ਨੂੰ ਇਸ ਬੁਖਾਰ ਤੋਂ ਬਚਾ ਸਕਣ।

ਸਿਵਲ ਸਰਜਨ ਡਾ ਰਾਏ ਨੇ ਦਸਿਆ ਕਿ ਸਿਹਤ ਵਿਭਾਗ ਵੱਲੋਂ ਸ਼ੁਕਰਵਾਰ ਨੂੰ ਡ੍ਰਾਈ ਡੇਅ ਐਲਾਨਿਆ ਗਿਆ ਹੈ ਅਤੇ ਇਸ ਦਿਨ ਸਾਨੂੰ ਸਾਰਿਆ ਨੂੰ ਉਨਾਂ ਸਥਾਨਾਂ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ, ਜਿਥੇ ਪਾਣੀ ਇਕੱਠਾ ਹੋਣ ਦਾ ਖਦਸ਼ਾ ਹੋਵੇ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਕਾਫੀ ਦਿਨਾਂ ਤੱਕ ਤੇਜ਼ ਬੁਖਾਰ ਨਾ ਉਤਰੇ, ਸ਼ਰੀਰ ‘ਤੇ ਚਤੱਕੇ ਪੈਣ, ਤੇਜ਼ ਸਿਰਪੀੜ, ਜੋੜਾ ‘ਚ ਦਰਦ, ਜੁਕਾਮ ਹੋਵੇ, ਤਾਂ ਉਹ ਤੁਰੰਤ ਨਜ਼ਦੀਕੀ ਹਸਪਤਾਲ ‘ਚ ਜਾ ਕੇ ਡਾਕਟਰ ਨੂੰ ਮਿਲਣ ਅਤੇ ਟੈਸਟ ਕਰਵਾਉਣ।

ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਅਵਲੀਨ ਕੌਰ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਨਾਗਰਿਕ ਆਪਣੇ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆ ‘ਚ ਪਾਣੀ ਨਾ ਇਕੱਠਾ ਹੋਣ ਦੇਣ ਅਤੇ ਛੱਪੜਾ ‘ਚ ਖੜੇ ਪਾਣੀ ਵਿੱਚ ਕਾਲੇ ਤੇਲ ਦਾ ਛਿੜਕਾ ਕਰਨ। ਉਨਾਂ ਕਿਹਾ ਕਿ ਮੌਜੂਦਾ ਮੌਸਮ ਦੌਰਾਨ ਅਜਿਹੇ ਕੱਪੜੇ ਪਾਏ ਜਾਣ ਜਿਸ ਨਾਲ ਪੂਰਾ ਸ਼ਰੀਰ ਨੂੰ ਢੱਕਿਆ ਜਾ ਸਕੇ, ਤਾਂ ਜੋ ਮੱਛਰ ਦੇ ਕੱਟਣ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਸਤਵਿੰਦਰ ਕੁਮਾਰ, ਜਿਲਾ ਮਾਸ ਮੀਡੀਆ ਅਫਸਰ ਸ਼੍ਰੀ ਸੁਖਵੰਤ ਸਿੰਘ ਸਿੱਧੂ, ਸਹਾਇਕ ਮਲੇਰੀਆ ਅਫਸਰ ਸ੍ਰੀ ਕੰਵਲ ਬਲਰਾਜ ਸਿੰਘ, ਹੈਲਥ ਸੁਪਰਵਾਈਜ਼ਰ ਸ਼੍ਰੀ ਕਾਰਜ ਸਿੰਘ, ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ ਆਦਿ ਮੌਜੂਦ ਰਹੇ ।