ਸਰਕਾਰੀ ਬਹੁਤਕਨੀਕੀ ਕਾਲਜ, ਦੀਨਾਨਗਰ ਵਿਖੇ ਸੈਸ਼ਨ 2025-26 ਲਈ ਦਾਖਲਾ ਰਜਿਸਟ੍ਰੇਸ਼ਨ ਸ਼ੁਰੂ

73

ਗੁਰਦਾਸਪੁਰ, 14 ਮਈ 2025 Aj DI Awaaj

ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ੍ਹ ਵੱਲੋਂ ਜਾਰੀ ਦਾਖਲਾ ਨੋਟਿਸ ਅਨੁਸਾਰ ਸਰਕਾਰੀ ਬਹੁਤਕਨੀਕੀ ਕਾਲਜ, ਦੀਨਾਨਗਰ ਵਿਖੇ ਸੈਸ਼ਨ 2025-26 ਦੇ ਦਾਖ਼ਲਿਆਂ ਲਈ ਪਹਿਲੇ ਰਾਊਂਡ ਦੀ ਰਜਿਸਟ੍ਰੇਸ਼ਨ ਮਿਤੀ 15-05-2025 ਤੋਂ ਸ਼ੁਰੂ ਹੋ ਰਹੀ ਹੈ। ਇਹ ਕਾਲਜ ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਕੋ-ਐਡ ਹੋ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬਹੁਤਕਨੀਕੀ ਕਾਲਜ, ਦੀਨਾਨਗਰ ਦੇ ਪ੍ਰਿੰਸੀਪਲ ਇੰਜੀ: ਵਿਜੇ ਥਾਪਾ ਨੇ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਲਈ ਕਾਲਜ ਵਿਚ ਦਾਖਲਾ ਸੈੱਲ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਦੀ ਦਾਖ਼ਲੇ ਲਈ ਰਜਿਸਟ੍ਰੇਸ਼ਨ ,ਕੋਰਸ ਦੀ ਚੋਣ ਕਰਨ ਵਿਚ ਸਹਾਇਤਾ ਅਤੇ ਫ਼ੀਸਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਵਾਉਣਾ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਨੁਸੂਚਿਤ ਜਾਤੀ, ਪੱਛੜੀ ਸ਼੍ਰੇਣੀ, ਘੱਟ ਗਿਣਤੀ ਵਰਗ ਆਦਿ ਦੇ ਵਿਦਿਆਰਥੀਆਂ ਲਈ ਫ਼ੀਸ ਵਿਚ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਅਨੁਸੂਚਿਤ ਜਾਤੀ ਦੇ ਸਲਾਨਾ 2.50 ਲੱਖ ਤੱਕ ਪਰਿਵਾਰਕ ਆਮਦਨ ਵਾਲੇ ਵਿਦਿਆਰਥੀਆਂ ਵਾਸਤੇ ਪੂਰੇ ਕੋਰਸ ਲਈ 1683/- ਫ਼ੀਸ, ਜਰਨਲ ਅਤੇ ਹੋਰ ਵਰਗ ਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਯੋਗਤਾ ਪ੍ਰੀਖਿਆ ਵਿਚ 60 ਫ਼ੀਸਦੀ ਤੋਂ 100 ਫ਼ੀਸਦੀ ਤੱਕ ਪ੍ਰਤੀ ਸਮੈਸਟਰ ਟਿਊਸ਼ਨ ਫ਼ੀਸ ਛੂਟ ਪ੍ਰਾਪਤ ਕਰ ਸਕਦੇ ਹਨ।

ਪ੍ਰਿੰਸੀਪਲ ਇੰਜੀ: ਵਿਜੇ ਥਾਪਾ ਨੇ ਅੱਗੇ ਦੱਸਿਆ ਕਿ ਕਾਲਜ ਵਿਖੇ ਤਿੰਨ ਸਾਲਾ ਡਿਪਲੋਮਾ ਕੋਰਸ ਦੇ ਦੋ ਟਰੇਡ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਸਫਲਤਾਪੂਰਵਕ ਚੱਲ ਰਹੇ ਹਨ। ਇਸ ਕਾਲਜ ਵਿਚ ਮਿਹਨਤੀ ਅਤੇ ਤਜਰਬੇਕਾਰ ਸਟਾਫ਼, ਉੱਤਮ ਲੈਬਾਂ ਅਤੇ ਵਰਕਸ਼ਾਪਾਂ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਕਾਲਜ ਵਿਖੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਚੰਗੇ ਨਤੀਜਿਆਂ ਦੇ ਰਾਹੀਂ ਵਿਦਿਆਰਥੀ ਸਰਕਾਰੀ ਅਦਾਰਿਆਂ ਅਤੇ ਮਲਟੀ ਨੈਸ਼ਨਲ ਕੰਪਨੀਆਂ ਵਿਚ ਆਪਣੀਆਂ ਸੇਵਾ ਨਿਭਾ ਰਹੇ ਹਨ। ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਦਾਖ਼ਲੇ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਪ੍ਰਿੰਸੀਪਲ ਇੰਜੀ: ਵਿਜੇ ਥਾਪਾ ਨੇ ਇਲਾਕੇ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਬਹੁਤਕਨੀਕੀ ਕਾਲਜ, ਦੀਨਾਨਗਰ ਵਿਖੇ ਸੈਸ਼ਨ 2025-26 ਲਈ ਦਾਖਲਾ ਲੈ ਕੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਾਲਜ ਦੇ ਸੰਪਰਕ ਨੰਬਰਾਂ 9501021625, 9501017073, 9914691364, 9501118350 ਜਾਂ 8360357147 ‘ਤੇ ਰਾਬਤਾ ਕੀਤਾ ਜਾ ਸਕਦਾ ਹੈ।