ਸੀਨੀਅਰ ਆਈ.ਏ.ਐੱਸ. ਦਲਜੀਤ ਸਿੰਘ ਮਾਂਗਟ ਨੇ ਹੰਗਾਮੀ ਤਿਆਰੀਆਂ ਦਾ ਕੀਤਾ ਜਾਇਜ਼ਾ

89

ਤਰਨ ਤਾਰਨ, 13 ਮਈ 2025 Aj Di Awaaj

ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਵਿੱਚ ਨਜ਼ਰ ਰੱਖਣ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਲਈ ਤਾਇਨਾਤ ਕੀਤੇ ਗਏ ਸੀਨੀਅਰ ਆਈ. ਏ. ਐੱਸ. ਅਧਿਕਾਰੀ ਸ੍ਰੀ ਦਲਜੀਤ ਸਿੰਘ ਮਾਂਗਟ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਤਰਨ ਤਾਰਨ ਵਿਖੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ. ਐੱਸ. ਅਤੇ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਅਭਿਮਨਿਊ ਰਾਣਾ ਤੋਂ ਇਲਾਵਾ ਐੱਨ. ਡੀ. ਆਰ. ਐੱਫ਼ ਦੇ ਅਧਿਕਾਰੀ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਮੀਟਿੰਗ ਦੌਰਾਨ ਸ੍ਰੀ ਦਲਜੀਤ ਸਿੰਘ ਮਾਂਗਟ ਨੇ ਜ਼ਿਲ੍ਹੇ ਵਿੱਚ ਯੁੱਧ ਵਰਗੀ ਜਾਂ ਕਿਸੇ ਕੁਦਰਤੀ ਆਫ਼ਤ ਕਾਰਨ ਪੈਦਾ ਹੋਈ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ ਅਤੇ ਸਿਵਲ ਡਿਫੈਂਸ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਤਿਆਰ ਕੀਤੇ ਜਾ ਰਹੇ ਐਕਸ਼ਨ ਪਲਾਨ ਦਾ ਵੀ ਜਾਇਜ਼ਾ ਲਿਆ।
ਉਹਨਾਂ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਜਾਂ ਐਮਰਜੈਂਸੀ ਹਾਲਾਤਾਂ ਦੌਰਾਨ ਜ਼ਿਲ੍ਹੇ ਵਿੱਚ ਸਿਹਤ ਸੁਵਿਧਾਵਾਂ, ਜ਼ਰੂਰੀ ਵਸਤੂਆਂ ਦੀ ਸਪਲਾਈ, ਬਿਜਲੀ, ਜਲ ਸਪਲਾਈ, ਆਵਾਜਾਈ ਅਤੇ ਹੋਰ ਲੋੜੀਂਦੀਆਂ ਵਸਤਾਂ ਤੇ ਸੁਵਿਧਾਵਾਂ ਦੀ ਪੂਰਤੀ ਲਈ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਤਰ੍ਹਾਂ ਚੌਕਸੀ ਵਰਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ।ਉਹਨਾਂ ਸਮੂਹ ਅਧਿਕਾਰੀਆਂ ਨੰੁ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਚਣੌਤੀ ਭਰੇ ਸਮੇਂ ਵਿੱਚ ਡਿਊਟੀ ਕੀਤੀ ਹੈ, ਪ੍ਰੰਤੂ ਚਣੌਤੀ ਅਜੇ ਵੀ ਬਰਕਰਾਰ ਹੈ ਅਤੇ ਸਾਨੂੰ ਸਾਰਿਆਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਹਰ ਸਮੇਂ ਤਿਆਰ ਰਹਿਣਾ ਪਵੇਗਾ ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਲੋੜੀਂਦੇ ਪ੍ਰਬੰਧ ਤੇ ਤਿਆਰੀਆਂ ਮੁਕੰਮਲ ਹਨ।ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਜਾਂ ਯੁੱਧ ਵਰਗੀ ਸਥਿਤੀ ਨਾਲ ਨਿਪਟਣ ਲਈ “ਆਪਰੇਸ਼ਨ ਅਭਿਆਸ” ਤਹਿਤ ਸਿਵਲ ਡਿਫੈਂਸ ਐਕਸ਼ਨ ਪਲਾਨ ਤਿਆਰ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 350 ਸਿਵਲ ਡਿਫੈਂਸ ਵਲੰਟੀਅਰ, ਜਿੰਨਾਂ ਵਿੱਚ ਸਾਬਕਾ ਸੈਨਿਕ, ਯੂਥ ਕਲੱਬਾਂ ਦੇ ਮੈਂਬਰ ਸ਼ਾਮਿਲ ਹਨ, ਕਿਸੇ ਵੀ ਹੰਗਾਮੀ ਹਾਲਾਤਾਂ ਵਿੱਚ ਸਾਥ ਦੇਣ ਲਈ ਅੱਗੇ ਆਏ ਹਨ।ਉਹਨਾਂ ਦੱਸਿਆ ਕਿ ਸਿਵਲ ਡਿਫੈਂਸ ਵਲੰਟੀਅਰ ਦੀ ਫਸਟ ਏਡ ਤੇ ਫਾਇਰ ਸੇਫ਼ਟੀ ਸਬੰਧੀ ਟਰੇਨਿੰਗ ਵੀ ਚੱਲ ਰਹੀ ਹੈ।ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ 15 ਜੂਨ ਤੱਕ 1000 ਸਿਵਲ ਡਿਫੈਂਸ ਵਲੰਟੀਅਰ ਬਣਾਉਣ ਦਾ ਟੀਚਾ ਹੈ।
ਉਹਨਾਂ ਕਿਹਾ ਕਿ ਸਿਵਲ ਡਿਫੈਂਸ ਤਹਿਤ ਜ਼ਿਲ੍ਹੇ ਵਿੱਚ ਬੁਨਿਆਦੀ ਢਾਂਚੇ ਜ਼ਿਵੇਂ ਕਿ ਪੁਲ ਤੇ ਸੜਕਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਸਬੰਧਿਤ ਵਿਭਾਗਾਂ ਵੱਲੋਂ ਇਸ ਵਿੱਚ ਹੋਰ ਸੁਧਾਰ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ।ਇਸ ਤੋਂ ਇਲਾਵਾਂ ਕਾਰਜ ਸਾਧਕ ਅਫ਼ਸਰਾਂ ਨੂੰ ਪਬਲਿਕ ਤੇ ਪ੍ਰਾਈਵੇਟ ਇਮਾਰਤਾਂ ਦੇ ਸੇਫ਼ਟੀ ਆਡਿਟ ਕਰਨ ਲਈ ਆਦੇਸ਼ ਦਿੱਤੇ ਗਏ ਹਨ।ਇਸ ਮੌਕੇ ਉਹਨਾਂ  ਸਿਵਲ ਡਿਫੈਂਸ ਕੰਟਰੋਲ ਸੈਂਟਰ, ਮੌਕ ਡਰਿੱਲ, ਉੱਚੀਆਂ ਇਮਾਰਤਾਂ ਤੇ ਸਨਅਤੀ ਇਕਾਈਆਂ ਦੀ ਸੁਰੱਖਿਆ, ਫਾਇਰ ਸੇਫ਼ਟੀ, ਸੁਰੱਖਿਅਤ ਥਾਵਾਂ ਅਤੇ ਕਿਸੇ ਵੀ ਹੰਗਾਮੀ ਸਥਿਤੀ ਦੌਰਾਨ ਲੋਕਾਂ ਨੂੰ ਸੂਚਿਤ ਕਰਨ ਦੇ ਸਾਧਨਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਜੀਵ ਸ਼ਰਮਾ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਅਰਵਿੰਦਰਪਾਲ ਸਿੰਘ, ਐੱਸ. ਡੀ. ਐੱਮ. ਪੱਟੀ ਸ੍ਰੀ ਪ੍ਰੀਤਇੰਦਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਡ. ਕਰਨਵੀਰ ਸਿੰਘ, ਕਾਰਜ ਸਾਧਕ ਅਫ਼ਸਰ ਤਰਨ ਤਾਰਨ ਸ੍ਰੀ ਰਣਦੀਪ ਸਿੰਘ ਵੜੈਚ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਜਸਜੀਤ ਕੌਰ ਤੋਂ ਇਲਾਵਾ ਸਨਅਤੀ ਇਕਾਈਆਂ ਦੇ ਨਮਾਇੰਦੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।