ਅੱਜ ਦੀ ਆਵਾਜ਼ | 11 ਮਈ 2025
ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ‘ਚ ਪਾਕਿਸਤਾਨ ਵੱਲੋਂ ਹੋਏ ਡਰੋਨ ਹਮਲੇ ਨੇ ਜੰਗਬੰਦੀ ਦੀ ਗੰਭੀਰ ਉਲੰਘਣਾ ਕਰ ਦਿੱਤੀ ਹੈ। ਇਸ ਹਮਲੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਹਾਲਤ ਗੰਭੀਰ ਬਣੀ ਹੋਈ ਹੈ ਅਤੇ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰੋਜ਼ਪੁਰ ਦਾ ਦੌਰਾ ਕਰਨਗੇ। ਉਹ ਉਨ੍ਹਾਂ ਜ਼ਖਮੀ ਹੋਏ ਨਾਗਰਿਕਾਂ ਨੂੰ ਮਿਲਣ ਜਾ ਰਹੇ ਹਨ ਜੋ ਹਮਲੇ ਦੌਰਾਨ ਚੋਟਲ ਹੋਏ ਸਨ। ਮੁੱਖ ਮੰਤਰੀ ਹਸਪਤਾਲ ‘ਚ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈਣਗੇ ਅਤੇ ਪਰਿਵਾਰਾਂ ਨਾਲ ਮਿਲਕੇ ਹੌਸਲਾ ਵਧਾਉਣਗੇ।
ਇਸ ਹਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਪੂਰੇ ਸਰਹੱਦੀ ਇਲਾਕੇ ‘ਚ ਚੌਕਸੀ ਵਧਾ ਦਿੱਤੀ ਹੈ। ਡਰੋਨ ਹਮਲਿਆਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਕਈ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੋ ਵੀ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਪੂਰਾ ਇਲਾਜ ਅਤੇ ਸਰਕਾਰੀ ਮਦਦ ਮਿਲੇਗੀ।
ਉਮੀਦ ਹੈ ਕਿ ਮੁੱਖ ਮੰਤਰੀ ਦੇ ਦੌਰੇ ਨਾਲ ਜ਼ਖਮੀ ਪਰਿਵਾਰਾਂ ਨੂੰ ਨੈਤਿਕ ਹੌਸਲਾ ਮਿਲੇਗਾ ਅਤੇ ਸੁਰੱਖਿਆ ਸੰਬੰਧੀ ਉੱਚ ਪੱਧਰੀ ਕਦਮ ਤੁਰੰਤ ਲਾਭਦਾਇਕ ਸਾਬਤ ਹੋਣਗੇ।
