ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਦੇਣਾ ਪੰਜਾਬ ਦੇ ਹੱਕਾਂ ਉੱਤੇ ਡਾਕਾ-ਚੇਅਰਮੈਨ ਸ੍ਰੀ ਗੁਰਵਿੰਦਰ ਸਿੰਘ ਬਹਿੜਵਾਲ

34

ਭਿੱਖੀਵਿੰਡ, 01/05/2025 Aj Di Awaaj

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਇੱਕ ਹੋਰ ਧੱਕਾ ਕਰਦਿਆਂ ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡ ਦਿੱਤਾ ਗਿਆ ਹੈ, ਜੋ ਕਿ ਸਰਾਸਰ ਪੰਜਾਬ ਦੇ ਹੱਕਾਂ ਉੱਤੇ ਡਾਕਾ ਹੈ। ਪੰਜਾਬ ਦੇ ਅਣਖੀ ਲੋਕ ਇਹ ਡਾਕਾ ਕਿਸੇ ਕੀਮਤ ਉੱਤੇ ਵੀ ਬਰਦਾਸ਼ਤ ਨਹੀਂ ਕਰਨਗੇ।

ਇਹਨਾ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਜਿਲਾ ਯੋਜਨਾ ਕਮੇਟੀ ਤਰਨ ਤਾਰਨ ਸ੍ਰੀ ਗੁਰਵਿੰਦਰ ਸਿੰਘ ਬਹਿੜਵਾਲ ਨੇ ਅੱਜ ਭਿੱਖੀਵਿੰਡ ਵਿਖੇ ਕੇਂਦਰ ਸਰਕਾਰ ਵਿਰੁੱਧ ਦਿੱਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਕੀਤਾ।  ਇਸ ਮੌਕੇ ਪ੍ਧਾਨ ਨਗਰ ਕੌਂਸਲ ਭਿੱਖੀਵਿੰਡ ਸੀ੍ ਸਕੱਤਰ ਸਿੰਘ ਡਲੀਰੀ ਅਤੇ ਵੱਡੀ ਗਿਣਤੀ ਵਿੱਚ ਆਪ ਆਗੂਆ ਤੇ ਵਰਕਰ ਹਾਜ਼ਰ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਸ ਤੋਂ ਪਹਿਲਾਂ ਬੜੇ ਸਪਸ਼ਟ ਲਫਜ਼ਾਂ ਵਿੱਚ ਭਾਖੜਾ ਡੈਮ ਪ੍ਰਬੰਧਕਾਂ ਅਤੇ ਕੇਂਦਰ ਸਰਕਾਰ ਨੂੰ ਸਪਸ਼ਟ ਕਰ ਚੁੱਕੇ ਹਨ ਕਿ ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਵਾਧੂ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਤਾਂ ਇਹ ਮੰਗ ਕਰ ਰਹੇ ਸੀ ਕਿ ਪਹਿਲਾਂ ਸਾਡੇ ਹਿੱਸੇ ਦਾ ਪਾਣੀ ਪੂਰਾ ਕੀਤਾ ਜਾਵੇ, ਪਰ ਭਾਜਪਾ ਸਰਕਾਰ ਨੇ ਪੰਜਾਬ ਨਾਲ ਧੱਕਾ ਕਰਦੇ ਹੋਏ, ਇਸ ਵਿੱਚੋਂ ਵੀ 8500 ਕਿਊਸਿਕ ਪਾਣੀ ਹਰਿਆਣੇ ਨੂੰ ਛੱਡ ਦਿੱਤਾ ਹੈ।

ਉਹਨਾਂ  ਕਿਹਾ ਕਿ ਪੰਜਾਬ ਜੋ ਕਿ ਖੇਤੀ ਪ੍ਰਧਾਨ ਸੂਬਾ ਹੈ, ਪਹਿਲਾਂ ਹੀ ਪਾਣੀ ਦੇ ਸੰਕਟ ਦੀ ਮਾਰ ਹੇਠ ਹੈ।ਉਹਨਾਂ ਕਿਹਾ ਕਿ ਸਾਡਾ ਧਰਤੀ ਹੇਠਲਾ ਪਾਣੀ ਲਗਾਤਾਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਮੁੜ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾ ਕੇ ਧਰਤੀ ਹੇਠਲੇ ਪਾਣੀ ਤੋਂ ਥੋੜਾ ਪ੍ਰੈਸ਼ਰ ਘਟਾਇਆ ਹੈ, ਪਰ ਕੇਂਦਰ ਸਰਕਾਰ ਨੇ ਪੰਜਾਬ ਦੇ ਪਾਣੀ ਉੱਤੇ ਡਾਕਾ ਮਾਰ ਕੇ ਪੰਜਾਬੀਆਂ ਨਾਲ ਸਿੱਧਾ ਧੱਕਾ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨੇ ਕੀਤਾ ਜਾ ਸਕਦਾ।

ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਨਾਲ ਬੇਇਨਸਾਫੀ ਕਰ ਰਹੀ ਹੈ, ਪਰ ਪੰਜਾਬ ਦੇ ਭਾਜਪਾ ਨੇਤਾ ਮੂਕ ਦਰਸ਼ਕ ਬਣ ਕੇ ਇਹ ਸਭ ਤਮਾਸ਼ਾ ਵੇਖ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਵੱਡੇ ਭਾਜਪਾ ਨੇਤਾ ਜੋ ਇਹਨਾਂ ਪੰਜਾਬ ਵਿਰੋਧੀ ਨੀਤੀਆਂ ਉੱਤੇ ਵੀ ਭਾਜਪਾ ਦੇ ਹੱਕ ਵਿੱਚ ਖੜੇ ਹਨ, ਨੂੰ ਹੁਣ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਉਹ ਪੰਜਾਬ ਨਾਲ ਨਹੀਂ ਬਲਕਿ ਦਿੱਲੀ ਅਤੇ ਹਰਿਆਣੇ ਨਾਲ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਪੰਜਾਬੀ ਅਤੇ ਪੰਜਾਬ ਦੀ ਸਰਕਾਰ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਲਈ ਜੋ ਵੀ ਲੜਾਈ ਲੜਨੀ ਪਈ ਅਸੀਂ ਲੜਾਂਗੇ।

ਇਸ ਮੌਕੇ ਹਰਜਿੰਦਰ ਸਿੰਘ ਬੁਰਜ, ਕਰਤਾਰ ਸਿੰਘ ਨੰਬਰਦਾਰ ਬਲੇਹਰ, ਬੋਹੜ ਸਿੰਘ ਸਰਪੰਚ ਬਲੇਹਰ ਖੁਰਦ, ਗੁਰਪ੍ਰੀਤ ਸਿੰਘ ਸ਼ੇਰਾ ਸਰਪੰਚ ਬਲੇਹਰ, ਗੁਰਲਾਲ ਸਿੰਘ ਸਰਪੰਚ ਭਗਵਾਨਪੁਰਾ, ਰੇਸ਼ਮ ਸਿੰਘ ਸਰਪੰਚ ਭਗਵਾਨਪੁਰਾ ਖੁਰਦ, ਵਿਨੇ ਕੁਮਾਰ ਮਲਹੋਤਰਾ ਪ੍ਰਧਾਨ ਦਾਨਾ ਮੰਡੀ ਭਿੱਖੀਵਿੰਡ, ਹਰਜਿੰਦਰ ਸਿੰਘ ਜਿੰਦਾ ਸਾਬਕਾ ਸਰਪੰਚ ਭਿਖੀਵਿੰਡ, ਜਸਵਿੰਦਰ ਸਿੰਘ ਗੋਲਡੀ ਦਿਆਲਪੁਰਾ, ਅਰਵਿੰਦਰ ਸਿੰਘ ਦਿਆਲਪੁਰਾ ਹਾਜ਼ਰ ਸਨ।