ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚੇ 22 ਸਾਲਾ ਨੌਜਵਾਨ ਸੁਖਬੀਰ ਦੀ ਮੌ*ਤ, ਪਹਿਲਾਂ ਕਰਦਾ ਸੀ ਟਰਾਲਾ ਚਾਲਕੀ

69

ਅੱਜ ਦੀ ਆਵਾਜ਼ | 1 ਮਈ 2025

ਅਮਰੀਕਾ ‘ਚ ਟਰੱਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌ*ਤ, ਡੌਂਕੀ ਰੂਟ ਰਾਹੀਂ ਪਹੁੰਚਿਆ ਸੀ ਵਿਦੇਸ਼

ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ ਸੌਂਕੜਾ ਨਾਲ ਸੰਬੰਧਤ 22 ਸਾਲਾ ਨੌਜਵਾਨ ਸੁਖਬੀਰ ਸਿੰਘ ਦੀ ਅਮਰੀਕਾ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌ*ਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਟਰੱਕ ਚਲਾ ਰਿਹਾ ਸੀ ਅਤੇ ਟਰੱਕ ਦੀ ਡੀਜ਼ਲ ਟੈਂਕੀ ਫਟਣ ਨਾਲ ਅਚਾਨਕ ਅੱਗ ਲੱਗ ਗਈ। ਸੁਖਬੀਰ ਨੇ ਸ਼ੀਸ਼ਾ ਤੋੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਮੁਤਾਬਕ, ਹਾਦਸੇ ਦੀ ਖ਼ਬਰ ਮਿਲਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਸੁਖਬੀਰ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਘਰ ਪਹੁੰਚ ਕੇ ਦੁਬਾਰਾ ਸੰਪਰਕ ਕਰੇਗਾ। ਪਰ 30 ਮਿੰਟਾਂ ਬਾਅਦ ਪਰਿਵਾਰ ਨੂੰ ਉਸ ਦੀ ਮੌ*ਤ ਦੀ ਖ਼ਬਰ ਮਿਲੀ, ਜਿਸ ਨਾਲ ਘਰ ਵਿੱਚ ਮਾਤਮ ਛਾ ਗਿਆ।

ਸੁਖਬੀਰ ਚਾਰ ਸਾਲ ਪਹਿਲਾਂ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਉਹ ਆਪਣਾ ਭਵਿੱਖ ਸਵਾਰਨ ਦੀ ਚਾਹ ਵਿੱਚ ਵਿਦੇਸ਼ ਚਲਾ ਗਿਆ ਸੀ। ਘਟਨਾ ਸਮੇਂ ਉਹ ਟਰੱਕ ਵਿਚ ਇਕੱਲਾ ਸੀ। ਟਰੱਕ ਪਹਿਲਾਂ ਡਿਵਾਈਡਰ ਨਾਲ ਟਕਰਾਇਆ, ਜਿਸ ਤੋਂ ਬਾਅਦ ਟੈਂਕ ਫਟਿਆ ਅਤੇ ਭਿਆਨਕ ਅੱਗ ਲੱਗ ਗਈ।

ਉਸ ਦੀ ਭੈਣ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਇੰਗਲੈਂਡ ਵਿੱਚ ਹੋਇਆ ਸੀ ਅਤੇ ਹਾਦਸੇ ਦੀ ਖ਼ਬਰ ਸੁਣਕੇ ਉਹ ਵੀ ਅਸੁਸਥ ਹੋ ਗਈ। ਸੁਖਬੀਰ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਸੀ। ਉਹ ਚਾਰ ਸਾਲਾਂ ਤੋਂ ਘਰ ਨਹੀਂ ਆਇਆ ਸੀ ਅਤੇ ਆਪਣੀ ਭੈਣ ਦੇ ਵਿਆਹ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ।

ਸੁਖਬੀਰ ਦੇ ਪਿਤਾ ਕਿਸਾਨ ਹਨ ਅਤੇ ਖੇਤੀਬਾੜੀ ਕਰਦੇ ਹਨ। ਪਰਿਵਾਰ ਹੁਣ ਉਸ ਦੇ ਅਚਾਨਕ ਚਲੇ ਜਾਣ ਨਾਲ ਗਹਿਰੇ ਦੁੱਖ ਵਿਚ ਹੈ।