ਅਬੋਹਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੱਢੀ ਮੈਗਾ ਜਾਗਰੂਕਤਾ ਰੈਲੀ

76

ਦਫ਼ਤਰ ਜਿਲ਼੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਯੁੱਧ ਨਸ਼ਿਆਂ ਵਿਰੁੱਧ
ਸੈਂਕੜੇ ਵਿਦਿਆਰਥੀਆਂ ਨੇ ਦਿੱਤਾ ਨਸ਼ੇ ਦਾ ਖਾਤਮਾ ਕਰਨ ਦਾ ਸੁਨੇਹਾ
 ਅਬੋਹਰ, ਅੱਜ ਦੀ ਆਵਾਜ਼ | 30 ਅਪ੍ਰੈਲ 2025

ਮੁੱਖ ਮੰਤਰੀ ਸ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇਕ ਲੋਕ ਲਹਿਰ ਬਣਨ ਲੱਗੀ ਹੈ। ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਸ਼ਹਿਰ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੁਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਅਬੋਹਰ ਵਿਚ ਇਕ ਜਾਗਰੂਕਤਾ ਰੈਲੀ ਕੱਢਕੇ ਲੋਕਾਂ ਨੂੰ ਨਸ਼ੇ ਦੀ ਬੁਰੀ ਅਲਾਮਤ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਇਸ ਰੈਲੀ ਨੂੰ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਤੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਇਹ ਰੈਲੀ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਨਹਿਰੂ ਪਾਰਕ ਵਿਚ ਸੰਪਨ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੀ ਪੜਾਈ ਤੇ ਧਿਆਨ ਕੇਂਦਰਤ ਰੱਖਦਿਆਂ ਆਪਣੇ ਆਪ ਨੂੰ ਨਸ਼ੇ ਵਰਗੀਆਂ ਬੁਰਾਈਆਂ ਤੋਂ ਬਚਾ ਕੇ ਰੱਖਣ ਅਤੇ ਜੇਕਰ ਉਨ੍ਹਾਂ ਦੇ ਆਸਪਾਸ ਕੋਈ ਨਸ਼ਾ ਕਰਦਾ ਹੋਵੇ ਤਾਂ ਉਸਨੂੰ ਇਲਾਜ ਲਈ ਪ੍ਰੇਰਿਤ ਕਰਨ।
ਸਾਬਕਾ ਵਿਧਾਇਕ ਸ੍ਰੀ ਅਰੁਣ ਨਾਰੰਗ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸਮੂਲ ਨਾਸ ਲਈ ਇਹ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਵਿਦਿਆਰਥੀ ਸਾਡਾ ਸਰਮਾਇਆ ਹਨ ਅਤੇ ਇਹ ਇਸ ਮੁਹਿੰਮ ਦੇ ਦੂਤ ਬਣ ਕੇ ਸਮਾਜ ਵਿਚ ਨਸ਼ੇ ਖਿਲਾਫ ਇਕ ਸੰਦੇਸ਼ ਲੈਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਨੂੰ ਪੁਲਿਸ ਫੜ ਰਹੀ ਹੈ ਜਦ ਕਿ ਨਸ਼ੇ ਕਰਨ ਦੇ ਪੀੜਤਾਂ ਦਾ ਸਰਕਾਰ ਮੁਫ਼ਤ ਇਲਾਜ ਵੀ ਕਰਵਾ ਰਹੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਇਕ ਲਘੂ ਨਾਟਕ ਦਾ ਮੰਚਨ ਵੀ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਜੋਸੀਲੇ ਨਾਅਰਿਆਂ ਨਾਲ ਸ਼ਹਿਰ ਗੂੰਜ ਉਠਿਆ।
ਇਸ ਮੌਕੇ ਸੀਨਿਅਰ ਆਗੂ ਸ੍ਰੀ ਅਤੁਲ ਨਾਗਪਾਲ ਵੀ ਵਿਸੇਸ਼ ਤੌਰ ਤੇ ਹਾਜਰ ਰਹੇ। ਸ਼ਹਿਰ ਦੇ ਵੱਖ ਵੱਖ ਬਾਜਾਰਾਂ ਵਿਚ ਨਿਕਲਣ ਵਾਲੀ ਜਾਗਰੂਕਤਾ ਰੈਲੀ ਦੀ ਅਗਵਾਈ ਅਬੋਹਰ ਦੇ ਐਸਡੀਐਮ ਸ੍ਰੀ ਕ੍ਰਿਸ਼ਨਾ ਪਾਲ ਰਾਜਪੂਤ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਦੀਪ ਸਿੰਘ ਮਾਵੀ, ਮੁੱਖ ਮੰਤਰੀ ਖੇਤਰੀ ਅਫ਼ਸਰ ਰੁਪਾਲੀ ਟੰਡਨ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਤੀਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਵਿੰਦਰ ਸਿੰਘ, ਪ੍ਰਿੰਸੀਪਲ ਰਾਜੇਸ ਸਚਦੇਵਾ, ਸੁਨੀਤਾ ਬੁਲੰਦੀ ਅਤੇ ਰਾਜਿੰਦਰ ਵਿਖੋਨਾ, ਐਡਵੋਕੇਟ ਹਰਪ੍ਰੀਤ ਸਿੰਘ, ਡੀਐਨਓ ਵਿਜੈ ਪਾਲ ਤੇ ਗੁਰਛਿੰਦਰ ਸਿੰਘ ਵੀ ਹਾਜਰ ਸਨ।ਇਸ ਮੌਕੇ ਨਸ਼ਿਆਂ ਖਿਲਾਫ ਸਹੁੰ ਵੀ ਚੁੱਕਾਈ ਗਈ।