ਹਿਮਾਚਲ ਦੇ ਮਰੀਜ਼ਾਂ ਲਈ PGI ‘ਚ ਇਲਾਜ ਮੁਸ਼ਕਲ, ਸਰਕਾਰ ਵੱਲੋਂ ਭੁਗਤਾਨ ਵਿੱਚ ਦੇਰੀ
ਅੱਜ ਦੀ ਆਵਾਜ਼ | 19 ਅਪ੍ਰੈਲ 2025
ਹਿਮਾਚਲ ਪ੍ਰਦੇਸ਼ ਦੀ ਹਿਮਕੇਅਰ ਸਕੀਮ ਤਹਿਤ PGI ਚੰਡੀਗੜ੍ਹ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਚਿੰਤਾ ਵਧ ਗਈ ਹੈ, ਕਿਉਂਕਿ ਹਿਮਾਚਲ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਭੁਗਤਾਨ ਨਹੀਂ ਕੀਤਾ ਗਿਆ। PGI ਨੇ ਹੁਣ ਤੱਕ 1478 ਮਰੀਜ਼ਾਂ ਦੇ ਮੁਫ਼ਤ ਇਲਾਜ ਲਈ 14 ਕਰੋੜ ਰੁਪਏ ਦਾ ਬਿੱਲ ਭੇਜਿਆ ਹੈ, ਜਿਸ ਵਿੱਚੋਂ ਕੇਵਲ 30 ਲੱਖ ਹੀ ਮਿਲੇ ਹਨ।
ਮਿਆਦ ਦੇ ਅੰਦਰ ਭੁਗਤਾਨ ਲਾਜ਼ਮੀ ਦਸੰਬਰ 2023 ਵਿੱਚ ਹਿਮਾਚਲ ਦੇ IAS ਅਫਸਰ ਪੰਕਜ ਰਾਏ ਵੱਲੋਂ PGI ਪ੍ਰਸ਼ਾਸਨ ਨਾਲ ਹੋਈ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਸੀ ਕਿ ਮੁਫਤ ਇਲਾਜ ਦੇ ਦਾਅਵਿਆਂ ਦੀ ਰਕਮ ਇੱਕ ਮਹੀਨੇ ਦੇ ਅੰਦਰ ਅੰਦਰ ਭੇਜਣੀ ਲਾਜ਼ਮੀ ਹੋਵੇਗੀ। ਜੇਕਰ ਭੁਗਤਾਨ ਸਮੇਂ ਸਿਰ ਨਾ ਹੋਇਆ ਤਾਂ PGI, ਹਿਮਕੇਅਰ ਦੇ ਤਹਿਤ ਇਲਾਜ ਰੱਦ ਵੀ ਕਰ ਸਕਦਾ ਹੈ।
ਪ੍ਰਬੰਧਕ ਸਭਾ ਨੇ ਦਿੱਤੇ ਸਖਤ ਹੁਕਮ PGI ਦੀ ਪ੍ਰਬੰਧਕ ਸਭਾ ਨੇ ਚਿੰਤਾ ਜਤਾਈ ਹੈ ਕਿ ਭੁਗਤਾਨ ਨਾ ਹੋਣ ਨਾਲ ਸੰਸਥਾ ਉੱਤੇ ਵਿੱਤੀ ਬੋਝ ਵਧ ਰਿਹਾ ਹੈ। ਇਹ ਨਾ ਸਿਰਫ ਆਉਣ ਵਾਲੇ ਆਡੀਟ ਇਤਰਾਜ਼ਾਂ ਨੂੰ ਜਨਮ ਦੇ ਸਕਦਾ ਹੈ, ਸਗੋਂ ਹੋਰ ਈਲਾਜੀ ਢਾਂਚੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਕਰਕੇ PGI ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਗਈ ਕਿ ਹਿਮਾਚਲ ਸਰਕਾਰ ਕੋਲੋਂ ਰਕਮ ਦੀ ਉਗਾਹੀ ਲਈ ਤੁਰੰਤ ਕਦਮ ਚੁੱਕੇ ਜਾਣ।
25 ਫਰਵਰੀ 2024 ਨੂੰ ਹੋਇਆ ਸੀ ਸਮਝੌਤਾ ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਤੇ ਪੰਕਜ ਰਾਏ ਦੀ ਕੋਸ਼ਿਸ਼ਾਂ ਨਾਲ 25 ਫਰਵਰੀ 2024 ਨੂੰ PGI ਅਤੇ ਹਿਮਾਚਲ ਸਰਕਾਰ ਵਿਚਕਾਰ ਇਕ ਔਪਚਾਰਿਕ ਸਮਝੌਤਾ ਹੋਇਆ ਸੀ, ਜਿਸ ਤਹਿਤ ਹਿਮਾਚਲ ਦੇ ਹਜ਼ਾਰਾਂ ਮਰੀਜ਼ ਮੁਫ਼ਤ ਇਲਾਜ ਲਈ PGI ਆ ਸਕਦੇ ਸਨ। ਪਰ ਹੁਣ ਰਕਮ ਦੀ ਭੁਗਤਾਨੀ ਨਾ ਹੋਣ ਕਰਕੇ ਇਹ ਸਕੀਮ ਥੱਲੇ ਆਉਣ ਦੀ ਕਗਾਰ ‘ਤੇ ਹੈ। ਜੇਕਰ ਹਾਲਾਤ ਨਾ ਸੁਧਰੇ ਤਾਂ ਹਿਮਾਚਲ ਦੇ ਗਰੀਬ ਮਰੀਜ਼ਾਂ ਲਈ PGI ਵਿੱਚ ਇਲਾਜ ਮੁਸ਼ਕਲ ਹੋ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਖੁਦ ਪੈਸਾ ਖਰਚਣਾ ਪੈ ਸਕਦਾ ਹੈ।
