ਡਿਪਟੀ ਕਮਿਸ਼ਨਰ ਵੱਲੋਂ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

2

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ
ਪ੍ਰੈਸ ਨੋਟ
ਕਿਹਾ, ਸਬੰਧਿਤ ਵਿਭਾਗ ਜ਼ਿਲ੍ਹੇ ਵਿੱਚ ਪੈਂਦੀਆਂ ਡਰੇਨਾਂ, ਨਹਿਰਾਂ ਤੇ ਛੱਪੜਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਤੇ ਕੰਟਰੋਲ ਰੂਮ ਵੀ ਸਥਾਪਿਤ ਕਰਨ

ਫ਼ਿਰੋਜ਼ਪੁਰ ਅੱਜ ਦੀ ਆਵਾਜ਼ | 15 ਅਪ੍ਰੈਲ 2025

ਡਿਪਟੀ ਕਮਿਸ਼ਨਰ ਦੀਪਸਿਖ਼ਾ ਸ਼ਰਮਾ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਸੰਭਾਵਿਤ ਹੜ੍ਹਾਂ ਦੀ ਤਿਆਰੀ ਤੇ ਸਥਿਤੀ ਨਾਲ ਨਜਿੱਠਣ ਲਈ ਸਿੰਚਾਈ ਤੇ ਡਰੇਨਜ਼ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਨੂੰ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ-ਪਹਿਲਾਂ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ ਤੇ ਜ਼ਿਲ੍ਹੇ ਵਿੱਚ ਪੈਂਦੀਆਂ ਡਰੇਨਾਂ, ਨਹਿਰਾਂ ਤੇ ਛੱਪੜਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਭਾਵਿਤ ਹੜ੍ਹਾਂ ਦੀ ਸਥਿਤੀ ਲਈ ਮੈਡੀਕਲ ਸਹੂਲਤਾਂ, ਖਾਣ ਪੀਣ ਦੀਆਂ ਵਸਤਾਂ ਦੇ ਭੰਡਾਰ, ਡਾਕਟਰੀ ਸਹੂਲਤਾਂ, ਬਿਜਲੀ ਸਪਲਾਈ, ਰਾਹਤ ਕੈਂਪਾਂ, ਟਰਾਂਸਪੋਰਟ ਸਬੰਧੀ, ਪੁਲਿਸ ਗਸ਼ਤ, ਟੈਲੀਫ਼ੋਨ ਸੇਵਾਵਾਂ ਚਾਲੂ ਰੱਖਣ ਤੇ ਜ਼ਰੂਰੀ ਵਸਤੂਆਂ ਦੇ ਪ੍ਰਬੰਧ ਪਹਿਲ ਦੇ ਆਧਾਰ ਤੇ ਕਰਨ ਆਦਿ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਮੰਡੀ ਬੋਰਡ, ਪਸ਼ੂ ਪਾਲਣ ਵਿਭਾਗ, ਖੇਤੀਬਾੜੀ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗਾਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਪਸ਼ੂਆਂ ਦੇ ਚਾਰੇ, ਪਸ਼ੂਆ ਦੀ ਵੈਕਸੀਨੇਸ਼ਨ, ਪੀਣਾ ਵਾਲਾ ਪਾਣੀ ਆਦਿ ਦੇ ਪ੍ਰਬੰਧ ਪਹਿਲਾਂ ਤੋਂ ਕੀਤੇ ਜਾਣ। ਉਨ੍ਹਾਂ ਰੋਡਵੇਜ਼ ਵਿਭਾਗ ਦੇ ਅਧਿਕਾਰੀ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਤੈਰਨ ਵਾਲੀਆਂ ਟਿਊਬਾਂ ਦੇ ਪ੍ਰਬੰਧ ਕੀਤੇ ਜਾਣ ਤੇ ਤੈਰਾਕਾਂ ਦੇ ਪ੍ਰਬੰਧ ਬੀ.ਐੱਸ.ਐੱਫ ਤੇ ਪੰਜਾਬ ਪੁਲਿਸ/ਹੋਮ ਗਾਰਡ ਦੇ ਜਵਾਨਾਂ ਵੱਲੋਂ ਕੀਤਾ ਜਾਵੇ ਤਾਂ ਜੋ ਹੜ੍ਹ ਵਰਗੀ ਸਥਿਤੀ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨਲ ਮੈਜਿਸਟਰੇਟਾਂ ਨੂੰ ਵੀ ਇਸ ਸਥਿਤੀ ਨਾਲ ਨਿਪਟਣ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਲਈ ਆਖਿਆ ਅਤੇ ਪਹਿਲਾਂ ਤੋਂ ਹੀ ਸੰਭਾਵਿਤ ਹੜ੍ਹਾਂ ਵਾਲੇ ਪਿੰਡਾਂ ਵਿੱਚ ਜਾ ਕੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਸਮੂਹ ਮਾਲ ਅਫ਼ਸਰਾਂ, ਅਮਲਾ ਕਾਨੂੰਨਾਂ, ਪਟਵਾਰੀਆਂ ਨੂੰ ਸਥਿਤੀ ਨਾਲ ਨਜਿੱਠਣ ਲਈ ਤਿਆਰ ਰੱਖਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਵਿੱਚ ਬੀ.ਐਸ.ਐਫ, ਹੋਮਗਾਰਡ, ਆਰਮੀ, ਸਿਵਲ ਡਿਫੈਂਸ ਅਤੇ ਸਵੈ ਸੇਵੀ ਜਥੇਬੰਦੀਆਂ ਆਦਿ ਦਾ ਵੀ ਸਹਿਯੋਗ ਲਿਆ ਜਾਵੇ।  ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਨਿੱਧੀ ਕੁਮੁਦ ਬੰਬਾਹ, ਐਸਡੀਐਮ ਫਿਰੋਜ਼ਪੁਰ ਦਿਵਯਾ ਪੀ, ਐਸਡੀਐਮ ਜ਼ੀਰਾ ਗੁਰਮੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।