ਅੱਜ ਦੀ ਆਵਾਜ਼ | 09 ਅਪ੍ਰੈਲ 2025
ਜਲੰਧਰ ਵਿਚ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਇਆ ਗ੍ਰੇਨੇਡ ਹਮਲਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਇਹ ਹਮਲਾ 7 ਅਪ੍ਰੈਲ ਦੀ ਰਾਤ 1:03 ਵਜੇ ਹੋਇਆ, ਜਦੋਂ ਕਾਲੀਆ ਆਪਣੇ ਪਰਿਵਾਰ ਨਾਲ ਘਰ ਵਿਚ ਮੌਜੂਦ ਸਨ। ਹਮਲੇ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਇਹ ਹਮਲਾ ਈ-ਰਿਕਸ਼ਾ ਰਾਹੀਂ ਆਏ 3 ਨੌਜਵਾਨਾਂ ਵੱਲੋਂ ਕੀਤਾ ਗਿਆ, ਜੋ ਗ੍ਰੇਨੇਡ ਸੁੱਟ ਕੇ ਮੌਕੇ ਤੋਂ ਭੱਜ ਗਏ। ਹਮਲੇ ਤੋਂ ਕੁਝ ਘੰਟਿਆਂ ਬਾਅਦ ਜਲੰਧਰ ਪੁਲਿਸ ਨੇ ਦੋ ਮੁਲਜ਼ਮਾਂ — ਰਵਿੰਦਰ ਕੁਮਾਰ ਨਿਵਾਸੀ ਸੁਭਾਨਪੁਰ ਅਤੇ ਸਤੀਸ਼ ਉਰਫ ਏਰਸ ਲੱਕਾ ਨਿਵਾਸੀ ਭੜਕਾਂਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਤੋਂ ਪੁੱਛਗਿੱਛ ਦੇ ਅਧਾਰ ‘ਤੇ ਦਿੱਲੀ ਤੋਂ ਹੋਰ ਦੋ ਸ਼ੱਕੀ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਪੰਜਾਬ ਪੁਲਿਸ ਨੇ ਦੱਸਿਆ ਕਿ ਹਮਲੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ISI ਦਾ ਹੱਥ ਹੋ ਸਕਦਾ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਲਦੀ ਹੀ ਐਨਆਈਏ (NIA) ਵੱਲੋਂ ਕੀਤੀ ਜਾ ਸਕਦੀ ਹੈ। ਹਮਲੇ ਨਾਲ ਲਾਰੈਂਸ ਬਿਸਨੋਈ ਗੈਂਗ ਅਤੇ ਪਾਕਿਸਤਾਨੀ ਮੂਲ ਦੇ ਗੈਂਗਸਟਰ ਸ਼ਹਜ਼ਾਦ ਭੱਟੀ ਅਤੇ ਜੈਸ਼ਾਨ ਅਖ਼ਤਰ ਦੇ ਨਾਂ ਵੀ ਜੁੜ ਰਹੇ ਹਨ।
ਮਨੋਰੰਜਨ ਕਾਲੀਆ ਨੂੰ ਪੰਜਾਬ ਸਰਕਾਰ ਵੱਲੋਂ 4 ਸੁਰੱਖਿਆ ਕਰਮੀ ਦਿੱਤੇ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾ ਐਸੇ ਇਲਾਕੇ ‘ਚ ਹੋਇਆ ਜਿੱਥੇ ਸਿਰਫ 100 ਮੀਟਰ ਦੀ ਦੂਰੀ ‘ਤੇ ਪੁਲਿਸ ਸਟੇਸ਼ਨ ਹੈ ਅਤੇ 24 ਘੰਟੇ PCR ਪੋਸਟ ਵੀ ਮੌਜੂਦ ਸੀ।
ਪੁਲਿਸ ਜਾਂਚ ਜਾਰੀ ਹੈ ਅਤੇ ਹੋਰ ਸ਼ੱਕੀ ਲਿੰਕਾਂ ਦੀ ਭਾਲ ਕੀਤੀ ਜਾ ਰਹੀ ਹੈ।
