ਬਸੰਤ ਪੰਚਮੀ ‘ਤੇ ਪਤੰਗ ਲੁੱਟਣ ਦੌਰਾਨ ਹਾਦਸਾ, 9 ਸਾਲਾ ਬੱਚੇ ਦੀ ਮੌ*ਤ

33

ਜਲੰਧਰ 24 Jan 2026 AJ DI Awaaj

Punjab Desk :  ਜਲੰਧਰ ਵਿੱਚ ਬਸੰਤ ਪੰਚਮੀ ਦੇ ਦਿਨ ਪਤੰਗ ਲੁੱਟਣ ਗਏ ਇੱਕ ਮਾਸੂਮ ਬੱਚੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਉਸਦੀ ਜਾਨ ਚਲੀ ਗਈ। ਮਕਸੂਦਾ ਇਲਾਕੇ ਨੇੜੇ ਸਥਿਤ ਖੇਤ ਵਿੱਚ 10 ਫੁੱਟ ਡੂੰਘੇ ਟੋਏ ਵਿੱਚ ਡਿੱਗਣ ਕਾਰਨ 9 ਸਾਲਾ ਬੱਚੇ ਦੀ ਮੌ*ਤ ਹੋ ਗਈ। ਮ੍ਰਿ*ਤਕ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ, ਬਸੰਤ ਪੰਚਮੀ ਦੇ ਦਿਨ ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ। ਸੁਰਾਨੱਸੀ ਪੈਟਰੋਲ ਪੰਪ ਨੇੜੇ ਇੱਕ ਕਿਸਾਨ ਵੱਲੋਂ ਆਪਣੀਆਂ ਫਸਲਾਂ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਖੇਤ ਵਿੱਚ ਲਗਭਗ 10 ਫੁੱਟ ਡੂੰਘਾ ਟੋਆ ਪੁੱਟਿਆ ਹੋਇਆ ਸੀ।

ਦੁਪਹਿਰ ਬਾਅਦ ਮੀਂਹ ਰੁਕਣ ਉਪਰੰਤ ਇਲਾਕੇ ਦੇ ਬੱਚੇ ਪਤੰਗ ਉਡਾਉਣ ਲੱਗ ਪਏ। ਇਸ ਦੌਰਾਨ ਪਤੰਗ ਲੁੱਟਣ ਲਈ ਖੇਤ ਵੱਲ ਦੌੜੇ ਬੱਚਿਆਂ ਵਿੱਚੋਂ ਇੱਕ 9 ਸਾਲਾ ਲੜਕਾ ਅਣਜਾਣੇ ਵਿੱਚ ਉਸ ਡੂੰਘੇ ਟੋਏ ਵਿੱਚ ਡਿੱਗ ਗਿਆ। ਉਸਦੇ ਨਾਲ ਮੌਜੂਦ ਹੋਰ ਬੱਚੇ ਡਰ ਕੇ ਘਰ ਵਾਪਸ ਚਲੇ ਗਏ ਅਤੇ ਘਟਨਾ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਾ ਦਿੱਤੀ।

ਜਦੋਂ ਸ਼ਿਵਮ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕੀਤੀ। ਬਾਅਦ ਵਿੱਚ 112 ’ਤੇ ਸੂਚਨਾ ਦਿੱਤੀ ਗਈ। ਥਾਣਾ ਨੰਬਰ 1 ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਤਲਾਸ਼ ਮੁਹਿੰਮ ਚਲਾਈ। ਕਾਫ਼ੀ ਜਦੋ-ਜਹਿਦ ਤੋਂ ਬਾਅਦ ਸ਼ਾਮ ਕਰੀਬ 8 ਵਜੇ ਖੇਤ ਦੇ ਡੂੰਘੇ ਟੋਏ ਵਿੱਚੋਂ ਬੱਚੇ ਦੀ ਲਾ*ਸ਼ ਬਰਾਮਦ ਹੋਈ।

ਮ੍ਰਿ*ਤਕ ਦੇ ਪਰਿਵਾਰ ਨੇ ਖੇਤ ਮਾਲਕ ਕਿਸਾਨ ’ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਦੇ ਇੰਨਾ ਡੂੰਘਾ ਟੋਆ ਪੁੱਟਣਾ ਬੱਚੇ ਦੀ ਮੌ*ਤ ਦਾ ਕਾਰਨ ਬਣਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਕਿਸਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਪੁਲਿਸ ਵੱਲੋਂ ਲਾ*ਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਥਾਣਾ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।