ਮਾਲੇਰਕੋਟਲਾ, 11 ਅਕਤੂਬਰ 2025 AJ DI Awaaj
Punjab Desk : ਮਾਲੇਰਕੋਟਲਾ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ESIC) ਵੱਲੋਂ ਬਣਾਇਆ ਜਾਣ ਵਾਲਾ 150 ਬਿਸਤਰਿਆਂ ਵਾਲਾ ਆਧੁਨਿਕ ਈ.ਐਸ.ਆਈ ਹਸਪਤਾਲ ਸਿਹਤ ਖੇਤਰ ਵਿੱਚ ਇੱਕ ਇਤਿਹਾਸਕ ਮੀਲਪੱਥਰ ਸਾਬਤ ਹੋਵੇਗਾ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਇਸ ਹਸਪਤਾਲ ਲਈ 07.81 ਏਕੜ ਬਾਬਤ ਰਕਮ 09 ਕਰੋੜ 60 ਲੱਖ 49 ਹਜਾਰ 800 ਰੁਪਏ ਦੀ ਡਿਫੈਂਸ ਲੈਂਡ ਕਰਮਚਾਰੀ ਰਾਜ ਬੀਮਾ ਨਿਗਮ (ESIC) ਨੂੰ ਹਸਪਤਾਲ ਦੀ ਉਸਾਰੀ ਲਈ ਟਰਾਂਸਫਰ ਕਰ ਦਿੱਤੀ ਗਈ ਅਤੇ ਹੁਣ ਜਲਦੀ ਹੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।
ਪੰਜਾਬ ਸਰਕਾਰ ਵਲੋਂ ਸਮਾਜ ਦੇ ਹਰ ਵਰਗ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ“ਇਹ ਈ.ਐਸ.ਆਈ ਹਸਪਤਾਲ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਖੇਤਰ ਦੇ ਹਜ਼ਾਰਾਂ ਪਰਿਵਾਰਾਂ ਲਈ ਉਮੀਦ ਅਤੇ ਸੁਖਾਲੇ ਜੀਵਨ ਦਾ ਪ੍ਰਤੀਕ ਹੋਵੇਗਾ।” ਉਨ੍ਹਾਂ ਹੋਰ ਕਿਹਾ ਕਿ ਮਾਲੇਰਕੋਟਲਾ ਤੇ ਇਸ ਨਾਲ ਲੱਗਦੇ ਇਲਾਕਿਆਂ ਦੇ ਉਹ ਕਰਮਚਾਰੀ ਜੋ ਈ.ਐਸ.ਆਈ ਸਕੀਮ ਅਧੀਨ ਆਉਂਦੇ ਹਨ, ਉਹਨਾਂ ਨੂੰ ਅਤੇ ਉਹਨਾਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਇਸ ਹਸਪਤਾਲ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਇਸ ਨਾਲ ਨਾ ਸਿਰਫ਼ ਸਿਹਤ ਸੇਵਾਵਾਂ ਹੋਰ ਸੁਚਾਰੂ ਹੋਣਗੀਆਂ ਬਲਕਿ ਲੋਕਾਂ ਨੂੰ ਨਿੱਜੀ ਹਸਪਤਾਲਾਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ।
ਉਨ੍ਹਾਂ ਕਿਹਾ ਕਿ ਇਹ ਹਸਪਤਾਲ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਵਿੱਚ ਐਮਰਜੈਂਸੀ ਸੇਵਾਵਾਂ,ਓ.ਪੀ.ਡੀ.,ਇਨਡੋਰ ਵਾਰਡ,ਮਾਤਾ-ਬੱਚਾ ਸੰਭਾਲ ਕੇਂਦਰ,ਅਧੁਨਿਕ ਲੈਬੋਰਟਰੀਆਂ ਅਤੇ ਡਿਜ਼ਿਟਲ ਡਾਇਗਨੋਸਟਿਕ ਸਹੂਲਤਾਂ ਸ਼ਾਮਲ ਹੋਣਗੀਆਂ। ਇੱਥੇ ਤਜਰਬੇਕਾਰ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਵੱਲੋਂ ਚੌਵੀ ਘੰਟੇ ਮਰੀਜ਼ਾਂ ਨੂੰ ਗੁਣਵੱਤਾ ਯੁਕਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
