ਫਾਜ਼ਿਲਕਾ 2 ਸਤੰਬਰ 2025 AJ DI Awaaj
Punjab Desk : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਸ: ਗੁਰਮੀਤ ਸਿੰਘ ਨੇ ਅੱਜ ਸਰਹੱਦੀ ਪਿੰਡਾਂ ਵਿਚ ਅਗਲੇਰੇ ਬੰਨ੍ਹਾਂ ਤੇ ਪਹੁੰਚ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਹਰ ਲੋੜਵੰਦ ਤੱਕ ਰਾਹਤ ਸਮੱਗਰੀ ਦੀ ਪਹੁੰਚ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 6196 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ ਜਦ ਕਿ ਮਵੇਸੀਆਂ ਲਈ 3278 ਥੈਲੇ ਕੈਟਲ ਫੀਡ ਦੀ ਵੰਡ ਕੀਤੀ ਗਈ ਹੈ। ਇਸਤੋਂ ਬਿਨ੍ਹਾਂ 1118 ਕੁਇੰਟਲ ਹਰਾ ਚਾਰਾ ਅਤੇ ਰਾਹਤ ਕੈਂਪਾਂ ਵਿਚ ਜਰੂਰਤ ਅਨੁਸਾਰ ਤੂੜੀ ਮੁਹਈਆ ਕਰਵਾਈ ਜਾ ਰਹੀ ਹੈ। ਜ਼ਿਲ੍ਹੇ ਦੀ 21562 ਅਬਾਦੀ ਹੜ੍ਹਾਂ ਨਾਲ ਪ੍ਰਭਾਵਿਤ ਹੈ ਅਤੇ 2422 ਲੋਕਾਂ ਨੂੰ ਪ੍ਰਭਾਵਿਤ ਪਿੰਡਾਂ ਵਿਚੋਂ ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਅਤ ਬਾਹਰ ਕੱਢਿਆ ਹੈ। 1304 ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ ਜਿੰਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਲੰਗਰ ਅਤੇ ਹੋਰ ਜਰੂਰੀ ਸੁਵਿਧਾ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਨੂਰ ਸ਼ਾਹ ਵਿਖੇ ਬੰਨ੍ਹ ਤੇ ਪਹੁੰਚ ਕੇ ਰਾਹਤ ਕਾਰਜਾਂ ਵਿਚ ਲੱਗੀਆਂ ਟੀਮਾਂ ਦੀ ਹੌਂਸਲਾਂ ਅਫਜਾਈ ਕੀਤੀ ਅਤੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ। ਇਸਤੋਂ ਬਾਅਦ ਉਨ੍ਹਾਂ ਨੇ ਢਾਣੀ ਬਚਨ ਸਿੰਘ ਦਾ ਦੌਰਾ ਕਰਕੇ ਪਿੰਡ ਵਾਸੀਆਂ ਦਾ ਹਾਲਚਾਲ ਜਾਣਿਆ ਅਤੇ ਫਿਰ ਕਾਂਵਾਂ ਵਾਲੀ ਪੱਤਣ ਤੇ ਸਥਿਤੀ ਦਾ ਜਾਇਜ਼ਾ ਲਿਆ।
ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਐਨਡੀਆਰਐਫ , ਆਰਮੀ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਕਿਸ਼ਤੀਆਂ ਕਰੀਕ ਪਾਰ ਦੇ ਪਿੰਡਾਂ ਤੱਕ ਰਸਦ ਪਹੁੰਚਾਉਣ ਲਈ ਲਗਾਈਆਂ ਗਈਆਂ ਹਨ। ਉਹਨਾਂ ਨੇ ਸਪਸ਼ਟ ਕੀਤਾ ਕਿ ਹੁਣ ਪਾਣੀ ਪੱਧਰ ਵੱਧ ਜਾਣ ਕਾਰਨ ਇਹਨਾਂ ਕਿਸ਼ਤੀਆਂ ਨੂੰ ਐਨਡੀਆਰਐਫ ਦੇ ਮਾਹਿਰ ਹੀ ਚਲਾ ਸਕਦੇ ਹਨ। ਇਸ ਲਈ ਜਿਨਾਂ ਲੋਕਾਂ ਨੇ ਅੱਗੇ ਰਸਦ ਭੇਜਣੀ ਹੈ ਉਹ ਐਨਡੀਆਰਐਫ ਟੀਮ ਦੇ ਨਾਲ ਜਾ ਕੇ ਹੀ ਆਪਣੀ ਰਸਦ ਭੇਜਣ ਕਿਉਂਕਿ ਆਮ ਵਿਅਕਤੀ ਹੁਣ ਇਨੇ ਡੂੰਘੇ ਪਾਣੀ ਵਿੱਚ ਇਹ ਕਿਸ਼ਤੀਆਂ ਨਹੀਂ ਚਲਾ ਸਕਦਾ। ਜਿਕਰਯੋਗ ਹੈ ਕਿ ਹੁਸੈਨੀਵਾਲਾ ਤੋਂ ਸਤਲੁਜ ਨਦੀ ਵਿਚ ਇਸ ਸਮੇਂ 273000 ਕੁਇਸਕ ਪਾਣੀ ਛੱਡਿਆ ਜਾ ਰਿਹਾ ਹੈ।ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਦੇ ਨਾਲ ਹਾਜਰ ਸਨ।














