ਦੱਖਣੀ ਅਫਰੀਕਾ ਦੀ ਮਹਿਲਾ ਟੀਮ ਨੇ ਭਾਰਤੀ ਮਹਿਲਾ ਟੀਮ ਵਿਰੁੱਧ ਰੋਮਾਂਚਕ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਮਹਿਲਾ ਵਰਲਡ ਕਪ 2025 ਦੇ ਇਸ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੇ 81 ਰਨਾਂ ‘ਤੇ 5 ਵਿਕਟਾਂ ਗੁਆਉਣ ਤੋਂ ਬਾਅਦ ਵੀ 3 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 251 ਰਨ ਬਣਾਏ ਸਨ। ਜਵਾਬ ਵਿੱਚ, ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਟ ਅਤੇ ਨਾਡਿਨ ਡੀ ਕਲਾਰਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਸ਼ੁਰੂਆਤ ਰਹੀ ਕਮਜ਼ੋਰ
ਦੱਖਣੀ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਬਹੁਤ ਹੀ ਨਿਰਾਸ਼ਾਜਨਕ ਰਹੀ। ਤਾਂਜਮਿਨ ਬ੍ਰਿਟਸ ਬਿਨਾਂ ਖਾਤਾ ਖੋਲ੍ਹੇ ਆਉਟ ਹੋ ਗਈਆਂ, ਜਦਕਿ ਸੁਨੇ ਲੁਸ ਸਿਰਫ 5 ਰਨ ਬਣਾ ਸਕੀਆਂ। 81 ਰਨਾਂ ‘ਤੇ ਟੀਮ ਦੀਆਂ 5 ਵਿਕਟਾਂ ਢਹਿ ਗਈਆਂ ਅਤੇ ਮੈਚ ਭਾਰਤ ਦੇ ਕਬਜ਼ੇ ਵਿੱਚ ਦਿਖਾਈ ਦੇ ਰਿਹਾ ਸੀ।
ਪਰ ਇਸ ਮੁਸ਼ਕਲ ਵੇਲੇ ‘ਚ ਕਪਤਾਨ ਲੌਰਾ ਵੋਲਵਾਟ ਨੇ 111 ਗੇਂਦਾਂ ‘ਤੇ 70 ਰਨ ਬਣਾਏ, ਜਦਕਿ ਨਾਡਿਨ ਡੀ ਕਲਾਰਕ ਨੇ 54 ਗੇਂਦਾਂ ‘ਤੇ 84 ਰਨ ਦੀ ਧਮਾਕੇਦਾਰ ਪਾਰੀ ਖੇਡੀ — ਜਿਸ ‘ਚ 8 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਨਾਡਿਨ ਆਖਰ ਤੱਕ ਨਾਟਆਉਟ ਰਹੀ ਅਤੇ ਟੀਮ ਨੂੰ ਇਤਿਹਾਸਕ ਜਿੱਤ ਤੱਕ ਲੈ ਗਈ।
ਇਤਿਹਾਸਕ ਰਿਕਾਰਡ ਟੁੱਟਿਆ
ਇਸ ਜਿੱਤ ਨਾਲ ਦੱਖਣੀ ਅਫਰੀਕਾ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ। ਟੀਮ ਮਹਿਲਾ ਵਨਡੇ ਕ੍ਰਿਕਟ ਵਿੱਚ 5 ਵਿਕਟਾਂ ਡਿੱਗਣ ਤੋਂ ਬਾਅਦ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੀ ਟੀਮ ਬਣ ਗਈ ਹੈ। ਅਫਰੀਕਾ ਨੇ ਭਾਰਤ ਵਿਰੁੱਧ 5 ਵਿਕਟਾਂ ਡਿੱਗਣ ਤੋਂ ਬਾਅਦ 171 ਰਨ ਜੋੜੇ, ਜੋ ਕਿ 2019 ਵਿੱਚ ਇੰਗਲੈਂਡ ਦੁਆਰਾ ਬਣਾਏ 159 ਰਨਾਂ ਦੇ ਰਿਕਾਰਡ ਤੋਂ ਵੱਧ ਹਨ।
ਪੌਇੰਟਸ ਟੇਬਲ ‘ਚ ਭਾਰਤ ਤੀਸਰੇ ਸਥਾਨ ‘ਤੇ
ਭਾਰਤ ਨੂੰ ਟੂਰਨਾਮੈਂਟ ਵਿੱਚ ਇਹ ਪਹਿਲੀ ਹਾਰ ਮਿਲੀ ਹੈ। ਟੀਮ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ — ਜਿਨ੍ਹਾਂ ‘ਚੋਂ ਦੋ ਜਿੱਤੇ ਹਨ ਅਤੇ ਇੱਕ ਹਾਰਿਆ ਹੈ। ਚਾਰ ਅੰਕਾਂ ਅਤੇ +0.953 ਦੇ ਨੈਟ ਰਨ ਰੇਟ ਨਾਲ ਭਾਰਤ ਇਸ ਸਮੇਂ ਪੌਇੰਟਸ ਟੇਬਲ ਵਿੱਚ ਤੀਸਰੇ ਸਥਾਨ ‘ਤੇ ਹੈ।
ਭਾਰਤੀ ਟੀਮ ਦਾ ਅਗਲਾ ਮੁਕਾਬਲਾ 12 ਅਕਤੂਬਰ ਨੂੰ ਆਸਟ੍ਰੇਲੀਆ ਮਹਿਲਾ ਟੀਮ ਨਾਲ ਹੋਵੇਗਾ, ਜੋ ਕਿ ਟੂਰਨਾਮੈਂਟ ਦਾ ਇਕ ਹੋਰ ਰੋਮਾਂਚਕ ਮੈਚ ਹੋਣ ਦੀ ਉਮੀਦ ਹੈ
