ਸਿੰਗਾਪੁਰ ਤੋਂ ਆਏ ਦੋ ਭਾਰਤੀ ਯਾਤਰੀਆਂ ਤੋਂ 47.70 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਅਧਿਕਾਰੀਆਂ ਨੇ ਤਸਕਰੀ ਦੇ ਇਕ ਨਵੇਂ ਤਰੀਕੇ ਦਾ ਵੀ ਖੁਲਾਸਾ ਕੀਤਾ ਹੈ।

11

11November 2025 Aj Di Awaaj

Punjab Desk ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਡੀ.ਆਰ.ਆਈ. ਅੰਮ੍ਰਿਤਸਰ ਖੇਤਰੀ ਇਕਾਈ ਨੇ ਸਿੰਗਾਪੁਰ ਤੋਂ ਆਏ ਦੋ ਭਾਰਤੀ ਯਾਤਰੀਆਂ ਤੋਂ 47.70 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਦੋਵੇਂ ਯਾਤਰੀ 9 ਨਵੰਬਰ ਨੂੰ ਸਕੂਟ ਏਅਰਲਾਈਨਜ਼ ਦੀ ਉਡਾਣ ਨੰਬਰ ਟੀਆਰ-512 ਰਾਹੀਂ ਅੰਮ੍ਰਿਤਸਰ ਪਹੁੰਚੇ ਸਨ। ਡੀ.ਆਰ.ਆਈ. ਟੀਮ ਵੱਲੋਂ ਯਾਤਰੀਆਂ ਦੇ ਚੈੱਕ-ਇਨ ਸਮਾਨ ਦੀ ਜਾਂਚ ਦੌਰਾਨ ਇੱਕ ਯਾਤਰੀ ਕੋਲੋਂ 23.94 ਕਿਲੋਗ੍ਰਾਮ ਤੇ ਦੂਜੇ ਕੋਲੋਂ 23.76 ਕਿਲੋਗ੍ਰਾਮ ਗਾਂਜੇ ਦੇ ਕੁੱਲ 44 ਪੈਕੇਟ ਬਰਾਮਦ ਕੀਤੇ ਗਏ। ਬਰਾਮਦ ਗਾਂਜੇ ਦੀ ਕੀਮਤ ਲਗਭਗ 47.70 ਕਰੋੜ ਰੁਪਏ ਅੰਕਿਤ ਕੀਤੀ ਗਈ ਹੈ।

ਇਹ ਹਵਾਈ ਅੱਡੇ ’ਤੇ ਹੁਣ ਤੱਕ ਦੀ ਸਭ ਤੋਂ ਵੱਡੀ ਐੱਨ.ਡੀ.ਪੀ.ਐੱਸ. ਬਰਾਮਦਗੀ ਮੰਨੀ ਜਾ ਰਹੀ ਹੈ। ਇਸ ਮਾਮਲੇ ਨੇ ਬੈਂਕਾਕ ਤੋਂ ਗਾਂਜੇ ਦੀ ਤਸਕਰੀ ਦੇ ਇੱਕ ਨਵੇਂ ਤਰੀਕੇ ਦਾ ਖ਼ੁਲਾਸਾ ਕੀਤਾ ਹੈ। ਬੈਂਕਾਕ ਤੋਂ ਗਾਂਜਾ ਤਸਕਰੀ ਕਰਕੇ ਸਿੰਗਾਪੁਰ ਰਾਹੀਂ ਭਾਰਤ ਭੇਜਣ ਦਾ ਇਹ ਤਰੀਕਾ ਸਪੱਸ਼ਟ ਤੌਰ ’ਤੇ ਤਸਕਰਾਂ ਵੱਲੋਂ ਖ਼ੁਫ਼ੀਆ ਏਜੰਸੀਆਂ ਦੇ ਨਿਗਰਾਨੀ ਜਾਲ ਨੂੰ ਭੁਲਾਉਣ ਲਈ ਤਿਆਰ ਕੀਤਾ ਗਿਆ ਸੀ। ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਡੀ.ਆਰ.ਆਈ. ਨੇ ਇਸ ਤਸਕਰੀ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।