ਸ਼੍ਰੀ ਅਨੰਦਪੁਰ ਸਾਹਿਬ, 30 ਸਤੰਬਰ 2025 AJ DI Awaaj
Punjab Desk : ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿੱਚ 23 ਨਵੰਬਰ ਤੋਂ 25 ਨਵੰਬਰ 2025 ਤੱਕ ਮਨਾਏ ਜਾਣਗੇ। ਇਨ੍ਹਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਦੇਸ਼ ਵਿਦੇਸ਼ ਤੋ ਵੱਡੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ, ਪ੍ਰਸਾਸ਼ਨ ਵੱਲੋਂ ਇਸ ਦੇ ਲਈ ਵਿਆਪਕ ਤਿਆਰੀਆਂ ਕੀਤੀਆ ਜਾ ਰਹੀਆਂ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੇ ਅੱਜ ਸ਼ਹੀਦੀ ਸਮਾਗਮਾਂ ਲਈ ਚੱਲ ਰਹੀਆਂ ਤਿਆਰੀਆਂ ਬਾਰੇ ਅਧਿਕਾਰੀਆਂ ਨੂੰ ਹਦਾਇਤਾ ਜਾਰੀ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਅਧਿਕਾਰੀ ਆਪਣੀ ਡਿਊਟੀ ਸੇਵਾ ਦੀ ਭਾਵਨਾ ਨਾਲ ਨਿਭਾਉਣ ਅਤੇ ਸੰਗਤਾਂ ਦੀ ਸਹੂਲਤ ਨੂੰ ਪ੍ਰਮੁੱਖਤਾਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀ ਬਹੁਤ ਭਾਗਾ ਵਾਲੇ ਹਾਂ ਕਿ ਜ਼ਿਨ੍ਹਾਂ ਨੂੰ ਇਹ ਸ਼ਤਾਬਦੀਆਂ ਮਨਾਉਣ ਲਈ ਸੇਵਾ ਦਾ ਮੌਕਾ ਮਿਲਿਆ ਹੈ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਤੇ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਸਮਾਰੋਹ ਲਈ ਸਿਵਲ ਤੇ ਪੁਲਿਸ ਕੰਟਰੋਲ ਰੂਮ ਸਥਾਪਿਤ ਕਰਨ, ਟ੍ਰੈਫ਼ਿਕ ਪ੍ਰਬੰਧ, ਪਾਰਕਿੰਗ ਦੀ ਸੁਵਿਧਾ, ਟੈਂਟ ਸਿਟੀ ਦੀ ਤਿਆਰੀ, ਸਫਾਈ-ਸੈਨੀਟੇਸ਼ਨ, ਬਿਜਲੀ ਤੇ ਰੌਸ਼ਨੀ ਦੇ ਪੱਕੇ ਪ੍ਰਬੰਧ ਕਰਨ ’ਤੇ ਖਾਸ ਧਿਆਨ ਦੇਣ ਦੇ ਨਿਰਦੇਸ਼ ਦਿੱਤੇ।
ਇਸ ਤੋਂ ਇਲਾਵਾ, ਸ਼ਰਾਬ ਦੇ ਠੇਕੇ ਸਮੇਂ-ਸਿਰ ਬੰਦ ਰੱਖਣ, ਦੁਕਾਨਾਂ ਅਤੇ ਮੈਡੀਕਲ ਸਟੋਰਾਂ ਦੀ ਚੈਕਿੰਗ, ਖਾਣ-ਪੀਣ ਦੀਆਂ ਵਸਤਾਂ ਦੀ ਉਪਲੱਬਧਤਾ, ਸਫ਼ਾਈ ਪ੍ਰਬੰਧ, ਐਂਬੂਲੈਂਸਾਂ ਦੀ ਤਾਇਨਾਤੀ, ਫਸਟ-ਏਡ ਪੋਸਟਾਂ, ਫਾਇਰ ਬ੍ਰਿਗੇਡ, ਟੈਲੀਫੋਨ ਅਤੇ ਐਡੀਸ਼ਨਲ ਟਾਵਰ ਲਗਾਉਣ ਵਰਗੇ ਅਹਿਮ ਪ੍ਰਬੰਧ ਵੀ ਸੁਨਿਸ਼ਚਿਤ ਕਰਨ ਦੀ ਹਦਾਇਤ ਜਾਰੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸਮਾਰੋਹ ਦੌਰਾਨ ਅਮਨ-ਕਾਨੂੰਨ ਬਹਾਲ ਰੱਖਣ ਲਈ ਪੁਲਿਸ ਫੋਰਸ, ਡਿਊਟੀ ਮੈਜਿਸਟਰੇਟ ਅਤੇ ਵੱਖ-ਵੱਖ ਸੈਕਟਰ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਸਮਾਗਮ ਮੌਕੇ ਸੰਗਤਾਂ ਦੀ ਸਹੂਲਤ ਲਈ ਟ੍ਰਾਂਸਪੋਰਟ ਸਹੂਲਤਾਂ ਵਧਾਉਣ ਅਤੇ ਸੁਚਾਰੂ ਆਯੋਜਨ ਲਈ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਯੋਜਨਾ ਅਨੁਸਾਰ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਮਾਰੋਹ ਸਿੱਖ ਇਤਿਹਾਸ ਅਤੇ ਰੂਹਾਨੀ ਪ੍ਰੰਪਰਾਵਾਂ ਨਾਲ ਜੁੜਿਆ ਮਹੱਤਵਪੂਰਨ ਮੌਕਾ ਹੈ, ਜਿਸ ਨੂੰ ਸੰਗਤਾਂ ਦੀ ਸਹੂਲਤ ਅਤੇ ਯਾਦਗਾਰੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਪੂਜਾ ਸਿਆਲ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਵਿੰਦਰ ਸਿੰਘ ਜੋਹਲ ਆਰ.ਟੀ.ਓ, ਅਰਵਿੰਦਰਪਾਲ ਸੋਮਲ ਸਹਾਇਕ ਕਮਿਸ਼ਨਰ, ਅਰਵਿੰਦਰ ਮੀਨਾ ਐਸ.ਪੀ, ਜਸਪ੍ਰੀਤ ਸਿੰਘ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਜਸਜੀਤ ਸਿੰਘ ਮੁੱਖ ਮੰਤਰੀ ਫੀਲਡ ਅਫਸਰ, ਅਜੇ ਸਿੰਘ ਡੀ.ਐਸ.ਪੀ, ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ, ਬਲਜਿੰਦਰ ਸਿੰਘ ਗਰੇਵਾਲ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਬਾਦਲਦੀਨ ਜਿਲ੍ਹਾਂ ਮਾਲ ਅਫਸਰ, ਹਰਜਿੰਦਰ ਸਿੰਘ ਜਿਲ੍ਹਾ ਵਣ ਅਫਸਰ, ਮਾਨਮਹਿੰਦਰ ਸਿੰਘ ਜਿਲ੍ਹਾ ਉਦਯੋਗ ਅਫਸਰ, ਇਸ਼ਾਨਚੋਧਰੀ ਬੀਡੀਪੀਓ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਨ।
