ਹੰਡਿਆਇਆ, ਅੱਜ ਦੀ ਆਵਾਜ਼ | 3 ਮਈ 2025
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ਨਗਰ ਪੰਚਾਇਤ ਹੰਡਿਆਇਆ ਨੇ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਅੱਜ ਕਿਲ੍ਹਾ ਪੱਤੀ ਵਿਚ ਨਾਜਾਇਜ਼ ਤੌਰ ‘ਤੇ ਉਸਾਰੇ ਗਏ ਢਾਂਚੇ ਢਾਹੇ।
ਸੀਨੀਅਰ ਪੁਲਿਸ ਕਪਤਾਨ (ਐੱਸ ਐੱਸ ਪੀ) ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਅੱਜ ਕਿਲ੍ਹਾ ਪੱਤੀ ਹੰਡਿਆਇਆ ਵਿੱਚ ਦੋ ਨਾਜਾਇਜ਼ ਢਾਂਚੇ ਢਾਹੇ ਗਏ ਹਨ।ਜਿਸ ਦੇ ਮਾਲਿਕ ਮਾਰੂ ਕੌਰ ਪਤਨੀ ਪਿਆਰਾ ਸਿੰਘ, ਮੱਖਣ ਸਿੰਘ ਪੁੱਤਰ ਪਿਆਰਾ ਸਿੰਘ, ਸੋਨੀਆ ਪਤਨੀ ਮੱਖਣ ਸਿੰਘ, ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ, ਤਿੱਤਰ ਸਿੰਘ ਪੁੱਤਰ ਪਿਆਰਾ ਸਿੰਘ ਹਨ। ਉਹਨਾਂ ਦੱਸਿਆ ਕਿ ਇਹ ਸਾਰਾ ਪਰਿਵਾਰ ਨਸ਼ੇ ਦਾ ਕੰਮ ਕਰਦਾ ਸੀ ਅਤੇ ਇਹਨਾਂ ਵਿੱਚੋਂ ਦੋ ਔਰਤਾਂ ਮਾਰੂ ਕੌਰ ਤੇ ਸੋਨੀਆ ਹੁਣ ਵੀ ਜੇਲ ‘ਚ ਹਨ ਅਤੇ ਬਾਕੀ ਸਾਰੇ ਭੱਜੇ ਹੋਏ ਹਨ। ਭੱਜੇ ਹੋਏ ਮੈਂਬਰਾਂ ਦੀ ਵੀ ਭਾਲ ਜਾਰੀ ਹੈ। ਪੂਰੇ ਪਰਿਵਾਰ ‘ਤੇ ਲਗਭਗ ਐਨਡੀਪੀਐਸ ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਕਰੀਬ 11 ਕੇਸ ਦਰਜ ਹਨ।
ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਵਲੋਂ ਇਹ ਨਾਜਾਇਜ਼ ਢਾਂਚੇ ਹਟਾਉਣ ਲਈ ਪੁਲਿਸ ਮਦਦ ਮੰਗੀ ਗਈ ਸੀ ਅਤੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਇਹ ਢਾਂਚੇ ਢਾਹੇ ਗਏ ਹਨ। ਐੱਸ ਐੱਸ ਪੀ ਬਰਨਾਲਾ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਯਕੀਨੀ ਬਣਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ।
ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਐਕਸ਼ਨ ਲੈਂਦੇ ਹੋਏ ਜਿੱਥੇ ਢੁਕਵੀਂ ਕਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ।
