ਸਕੂਲ ਆਫ ਹੈਪੀਨੈਸ ਤਹਿਤ ਜ਼ਿਲਾ ਤਰਨ ਤਾਰਨ ਦੇ 17 ਸਕੂਲ ਬਣ ਰਹੇ ਹਨ ਵਿਸ਼ਵ ਪੱਧਰੀ

35

ਤਰਨ ਤਾਰਨ, 05 ਅਗਸਤ 2025 AJ DI Awaaj

Punjab Desk : ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਨੂੰ ਆਪਣੇ ਮੁੱਖ ਏਜੇਂਡੇ ਤਹਿਤ ਹਰੇਕ ਪੱਖ ਤੋਂ ਸੁਧਾਰ ਰਹੀ ਹੈ। ਇਸੇ ਤਹਿਤ ਜ਼ਿਲ੍ਹੇ ਦੇ 17 ਸਰਕਾਰੀ ਐਲੀਮੈਂਟਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਤਹਿਤ ਵਿਸ਼ਵ ਪੱਧਰੀ ਬਣਾਇਆ ਜਾ ਰਿਹਾ ਹੈ। ਇਸ ਮੰਤਵ ਲਈ ਸਰਕਾਰ ਵੱਲੋਂ ਚੁਣੇ ਹੋਏ ਸਕੂਲਾਂ ਨੂੰ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਉੱਪਰ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਹਨਾਂ ਸਕੂਲਾਂ ਵਿੱਚ ਸੁੰਦਰ ਕਲਾਸ ਰੂਮ, ਐਲਈਡੀ ਪੈਨਲ, ਕੰਪਿਊਟਰ ਰੂਮ, ਖੇਡ ਮੈਦਾਨ, ਵਧੀਆ ਕਿਚਨ ਸੈਡ ਅਤੇ ਸੁੰਦਰ ਰਸੋਈ ਦੇ ਨਾਲ ਸੁੰਦਰ ਗੇਟ ਵੀ ਬਣਾਇਆ ਜਾ ਰਿਹਾ ਹੈ। ਸਕੂਲ ਆਫ ਹੈਪੀਨੈਸ ਤਹਿਤ ਹਰੇਕ ਜਿਲੇ ਵਿੱਚੋਂ ਕੁਝ ਸਕੂਲ ਚੁਣੇ ਗਏ ਹਨ, ਜਿਨਾਂ ਉੱਪਰ ਸਰਕਾਰ ਵਿਸ਼ੇਸ਼ ਫੋਕਸ ਕਰਕੇ ਹਰੇਕ ਪੱਧਰ ਤੋਂ ਪਹਿਲੇ ਫੇਜ ਵਿੱਚ ਸੁਧਾਰ ਕਰ ਰਹੀ ਹੈ। ਇਹਨਾਂ ਸਕੂਲਾਂ ਨੂੰ ਇਮਾਰਤ ਪੜ੍ਹਾਈ ਵਰਦੀ ਅਤੇ ਹੋਰ ਸਹੂਲਤਾਂ ਨਾਲ ਹਰੇਕ ਪੱਖ ਤੋਂ ਵਿਸ਼ਵ ਪੱਧਰੀ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਰਟ ਸਕੂਲ ਕੁਆਰਡੀਨੇਟਰ ਗੁਰਮੀਤ ਸਿੰਘ ਖਾਲਸਾ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਹਰੇਕ ਸਕੂਲ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਦੇ ਨਕਸ਼ੇ ਪਾਸ ਹੋਣ ਉਪਰੰਤ ਸਕੂਲਾਂ ਵਿੱਚ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਕੂਲ ਜਲਦੀ ਹੀ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਣਗੇ। ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਪਹਿਲੂ ਤੇ ਬੜੀ ਬਰੀਕੀ ਨਾਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰ ਪਰਮਜੀਤ ਸਿੰਘ, ਸ੍ਰ ਗੁਰਮੀਤ ਸਿੰਘ ਖਾਲਸਾ, ਸ ਅਮਨਦੀਪ ਸਿੰਘ ਅਤੇ ਜੇ ਈ ਜਗਰੂਪ ਸਿੰਘ ਲਗਾਤਾਰ ਜ਼ਿਲ੍ਹੇ ਦੇ ਇਹਨਾਂ ਸਕੂਲਾਂ ਨੂੰ ਯੋਗ ਅਗਵਾਈ ਦੇ ਕੇ ਸਕੂਲਾਂ ਨੂੰ ਸੋਹਣਾ ਬਣਾਉਣ ਦਾ ਲਗਾਤਾਰ ਯਤਨ ਕਰ ਰਹੇ ਹਨ।